ਨਵੀਂ ਦਿੱਲੀ (ਇੰਦਰਜੀਤ ਸਿੰਘ) : ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਇਕ ਅਜੀਬ ਸੈਂਕੜਾ ਲਾਇਆ ਹੈ। ਇਹ ਸੈਂਕੜਾ ਕ੍ਰਿਕਟ ਵਿਚ ਜ਼ੀਰੋ 'ਤੇ ਆਊਟ ਹੋਣ ਦਾ ਹੈ। ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀਪੀਐੱਲ) ਟੀ-20 ਟੂਰਨਾਮੈਂਟ 'ਚ ਢਾਕਾ ਪਲਾਟੂਨਜ਼ ਵੱਲੋਂ ਰਾਜਸ਼ਾਹੀ ਰਾਇਲਜ਼ ਖ਼ਿਲਾਫ਼ ਢਾਕਾ ਵਿਚ ਵੀਰਵਾਰ ਨੂੰ ਖੇਡੇ ਗਏ ਮੈਚ ਵਿਚ ਜ਼ੀਰੋ 'ਤੇ ਆਊਟ ਹੁੰਦੇ ਹੀ ਉਨ੍ਹਾਂ ਨੇ ਇਹ ਬਦਨਾਮ ਜਿਹਾ ਰਿਕਾਰਡ ਬਣਾ ਦਿੱਤਾ। ਅਫ਼ਰੀਦੀ ਚਾਹੇ ਕਈ ਸਾਲ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ ਪਰ ਵੱਖ ਵੱਖ ਦੇਸ਼ਾਂ ਵਿਚ ਲੀਗ ਕ੍ਰਿਕਟ ਖੇਡ ਰਹੇ ਹਨ। ਬੰਗਲਾਦੇਸ਼ ਪ੍ਰੀਮੀਅਰ ਲੀਗ ਵਿਚ ਢਾਕਾ ਟੀਮ ਵੱਲੋਂ ਬੱਲੇਬਾਜ਼ੀ ਕਰਨ ਉਤਰੇ ਅਫ਼ਰੀਦੀ ਨੂੰ ਰਵੀ ਬੋਪਾਰਾ ਨੇ ਪਹਿਲੀ ਹੀ ਗੇਂਦ 'ਤੇ ਵਿਕਟਕੀਪਰ ਲਿਟਨ ਦਾਸ ਹੱਥੋਂ ਕੈਚ ਕਰਵਾ ਦਿੱਤਾ।
ਮੈਚ ਵਿਚ ਢਾਕਾ ਦੀ ਟੀਮ ਨੌਂ ਵਿਕਟਾਂ 'ਤੇ ਸਿਰਫ਼ 134 ਦੌੜਾਂ ਹੀ ਬਣਾ ਸਕੀ। ਜਵਾਬ ਵਿਚ ਰਾਇਲਜ਼ ਦੀ ਟੀਮ ਨੇ 10 ਗੇਂਦਾਂ ਬਾਕੀ ਰਹਿੰਦੇ ਇਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ। ਹਜ਼ਰਤ-ਉੱਲ੍ਹਾ-ਜਜ਼ਾਈ ਨੇ 47 ਗੇਂਦਾਂ 'ਤੇ ਅਜੇਤੂ 56 ਦੌੜਾਂ ਬਣਾਈਆਂ। ਲਿਟਨ ਦਾਸ ਨੇ 39 ਤੇ ਸਾਬਕਾ ਪਾਕਿਸਤਾਨੀ ਕਪਤਾਨ ਸ਼ੋਇਬ ਮਲਿਕ ਨੇ 36 ਦੌੜਾਂ ਦਾ ਯੋਗਦਾਨ ਦਿੱਤਾ। ਅਫ਼ਰੀਦੀ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ ਹੋਣ ਦੇ ਮਾਮਲੇ ਵਿਚ ਸਾਂਝੇ ਤੌਰ 'ਤੇ ਨੌਵੇਂ ਸਥਾਨ 'ਤੇ ਹਨ।
ਉਹ ਕੁੱਲ 44 ਵਾਰ ਜ਼ੀਰੋ 'ਤੇ ਆਊਟ ਹੋਏ ਹਨ। ਇਸ ਮਾਮਲੇ ਵਿਚ ਉਹ ਜ਼ਹੀਰ ਖ਼ਾਨ ਤੇ ਸ਼ੇਨ ਵਾਰਨ ਦੀ ਬਰਾਬਰੀ 'ਤੇ ਹਨ। ਇਸ ਤੋਂ ਇਲਾਵਾ ਅਫ਼ਰੀਦੀ 56 ਵਾਰ ਲਿਸਟ-ਏ, ਪਹਿਲਾ ਦਰਜਾ ਤੇ ਟੀ-20 ਮੈਚਾਂ ਵਿਚ ਜ਼ੀਰੋ 'ਤੇ ਆਊਟ ਹੋਏ ਹਨ। ਸ੍ਰੀਲੰਕਾ ਦੇ ਸਪਿੰਨਰ ਮੁਥਈਆ ਮੁਰਲੀਧਰਨ ਅੰਤਰਰਾਸ਼ਟਰੀ ਕ੍ਰਿਕਟ ਵਿਚ ਕੁੱਲ 59 ਵਾਰ ਜ਼ੀਰੋ 'ਤੇ ਆਊਟ ਹੋ ਕੇ ਇਸ ਮਾਮਲੇ ਵਿਚ ਚੋਟੀ 'ਤੇ ਹਨ। ਵਨ ਡੇ ਕ੍ਰਿਕਟ ਵਿਚ ਅਫ਼ਰੀਦੀ 30 ਵਾਰ ਜ਼ੀਰੋ 'ਤੇ ਆਊਟ ਹੋਏ ਹਨ ਤੇ ਇਸ ਮਾਮਲੇ ਵਿਚ ਦੂਜੇ ਸਥਾਨ 'ਤੇ ਹਨ। ਚੋਟੀ 'ਤੇ ਸ੍ਰੀਲੰਕਾ ਦੇ ਸਨਥ ਜੈਸੂਰੀਆ ਹਨ ਜੋ 34 ਵਾਰ ਜ਼ੀਰੋ 'ਤੇ ਆਊਟ ਹੋਏ ਹਨ।
ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ ਹੋਣ ਵਾਲੇ ਬੱਲੇਬਾਜ਼ੀ ਵਿਚ ਮੁਥਈਆ ਮੁਰਲੀਧਰਨ (495 ਮੈਚ, 59 ਜ਼ੀਰੋ) , ਕਰਟਨੀ ਵਾਲਸ਼ (337 ਮੈਚ, 54 ਜ਼ੀਰੋ), ਸਨਥ ਜੈਸੂਰੀਆ (586 ਮੈਚ, 53 ਜ਼ੀਰੋ), ਗਲੇਨ ਮੈਕਗ੍ਰਾ (376 ਮੈਚ, 49 ਜ਼ੀਰੋ), ਮਹੇਲਾ ਜੈਵਰਧਨੇ (652 ਮੈਚ, 47 ਜ਼ੀਰੋ), ਡੇਨੀਅਲ ਵਿਟੋਰੀ (442 ਮੈਚ, 46 ਜ਼ੀਰੋ), ਸਟੂਅਰਟ ਬਰਾਡ (311 ਮੈਚ, 45 ਜ਼ੀਰੋ), ਵਸੀਮ ਅਕਰਮ (460 ਮੈਚ, 45 ਜ਼ੀਰੋ), ਜ਼ਹੀਰ ਖਾਨ (309 ਮੈਚ, 44 ਜ਼ੀਰੋ), ਸ਼ੇਨ ਵਾਰਨ (339 ਮੈਚ, 44 ਜ਼ੀਰੋ), ਸ਼ਾਹਿਦ ਅਫ਼ਰੀਦੀ (524 ਮੈਚ, 44 ਜ਼ੀਰੋ) ਸ਼ਾਮਲ ਹਨ।