ਤਰਨਤਾਰਨ (ਰਾਘਵ) : 30 ਸਾਲ ਪੁਰਾਣੇ ਫਰਜ਼ੀ ਮੁਕਾਬਲੇ ਦੇ ਮਾਮਲੇ 'ਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਪੰਜਾਬ ਪੁਲਸ ਦੇ ਸਾਬਕਾ ਡੀਐੱਸਪੀ ਦਿਲਬਾਗ ਸਿੰਘ ਅਤੇ ਸੇਵਾਮੁਕਤ ਐੱਸਐੱਚਓ ਗੁਰਬਚਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਫਿਲਹਾਲ ਦੋਵਾਂ ਨੂੰ ਸਜ਼ਾ ਨਹੀਂ ਸੁਣਾਈ ਗਈ ਅਤੇ ਸਜ਼ਾ ਲੰਬਿਤ ਪਈ ਹੈ।
ਜਾਣਕਾਰੀ ਅਨੁਸਾਰ ਸੀਬੀਆਈ ਨੇ ਇਹ ਮਾਮਲਾ ਸਾਲ 1993 ਵਿੱਚ ਚਮਨ ਲਾਲ ਵਾਸੀ ਤਰਨਤਾਰਨ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ। ਇਸ ਤੋਂ ਬਾਅਦ ਅਦਾਲਤ 'ਚ ਮਾਮਲੇ ਦੀ ਸੁਣਵਾਈ ਹੋਈ ਅਤੇ ਹੁਣ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਸੀਬੀਆਈ ਨੂੰ ਸ਼ਿਕਾਇਤ ਦਿੰਦੇ ਹੋਏ ਚਮਨ ਲਾਲ ਨੇ ਕਿਹਾ ਸੀ ਕਿ 22 ਜੂਨ 1993 ਨੂੰ ਡੀਐਸਪੀ ਦਿਲਬਾਗ ਸਿੰਘ ਅਤੇ ਐਸਐਚਓ ਸਿਟੀ ਤਰਨਤਾਰਨ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਪਰਵੀਨ ਕੁਮਾਰ, ਬੌਬੀ ਕੁਮਾਰ ਅਤੇ ਗੁਲਸ਼ਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਪਰ ਕੁਝ ਦਿਨਾਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਅਤੇ ਗੁਲਸ਼ਨ ਨੂੰ ਆਪਣੀ ਹਿਰਾਸਤ ਵਿੱਚ ਰੱਖਿਆ। ਗੁਲਸ਼ਨ ਕੁਮਾਰ ਨੂੰ ਲੰਬੇ ਸਮੇਂ ਤੱਕ ਗੈਰ-ਕਾਨੂੰਨੀ ਹਿਰਾਸਤ 'ਚ ਰੱਖਣ ਤੋਂ ਬਾਅਦ ਉਸ ਦਾ ਤਿੰਨ ਹੋਰ ਵਿਅਕਤੀਆਂ ਨਾਲ ਫਰਜ਼ੀ ਮੁਕਾਬਲੇ 'ਚ ਕਤਲ ਕਰ ਦਿੱਤਾ ਗਿਆ।