ਨਿਊਜ਼ ਡੈਸਕ (ਜਸਕਮਲ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਝਟਕਾ ਦਿੰਦੇ ਹੋਏ ਅਨੁਸੂਚਿਤ ਜਾਤੀ ਤੇ ਜਨਜਾਤੀ ਐਕਟ ਦੇ ਤਹਿਤ ਉਨ੍ਹਾਂ ਖ਼ਿਲਾਫ਼ ਹਾਂਸੀ 'ਚ ਦਰਜ ਮਾਮਲੇ ਨੂੰ ਖਾਰਿਜ ਕਰਨ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਵੀਰਵਾਰ ਨੂੰ ਕੁਝ ਰਾਹਤ ਦਿੰਦੇ ਹੋਏ ਇਸ ਨੂੰ ਖਾਰਿਜ ਕਰ ਦਿੱਤਾ। ਜਸਟਿਸ ਅਮੋਲ ਰਤਨ ਸਿੰਘ ਦੀ ਡਿਵੀਜ਼ਨ ਬੈਂਚ ਦੇ ਫ਼ੈਸਲੇ ਅਨੁਸਾਰ ਉਕਤ ਐਕਟ ਤਹਿਤ ਯੁਵਰਾਜ ਖ਼ਿਲਾਫ਼ ਮਾਮਲਾ ਦਰਜ ਚੱਲੇਗਾ ਪਰ ਇਸ ਵਿਚ ਸ਼ਾਮਲ ਧਾਰਾ 153ਏ ਹਟਾ ਦਿੱਤੀ ਗਈ ਹੈ। ਯੁਵਰਾਜ ਨੇ ਹਾਂਸੀ ਸਿਟੀ ਪੁਲਸ ਸਟੇਸ਼ਨ 'ਚ ਆਪਣੇ ਖ਼ਿਲਾਫ਼ ਦਰਜ ਮਾਮਲੇ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਅੱਜ ਇਕ ਹੁਕਮ ਜਾਰੀ ਕਰ ਕੇ ਅੰਸ਼ਕ ਤੌਰ 'ਤੇ ਖਾਰਿਜ ਕਰ ਦਿੱਤਾ ਹੈ।
ਇਸ ਮਾਮਲੇ ਸਬੰਧੀ ਸ਼ਿਕਾਇਤਕਰਤਾ ਰਜਤ ਕਲਸਨ ਦੇ ਵਕੀਲ ਅਰਜੁਨ ਸ਼ਿਓਰਾਨ ਨੇ ਕਿਹਾ ਕਿ ਅਦਾਲਤ ਨੇ ਯੁਵਰਾਜ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ 'ਭੰਗੀ' ਸ਼ਬਦ ਭੰਗ ਪੀਣ ਵਾਲਿਆਂ ਲਈ ਵਰਤਿਆ ਜਾਂਦਾ ਹੈ। ਹੁਣ ਇਸ ਮਾਮਲੇ 'ਚ ਯੁਵਰਾਜ 'ਤੇ ਹਿਸਾਰ 'ਚ ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਕਾਨੂੰਨ ਦੇ ਤਹਿਤ ਸਥਾਪਿਤ ਵਿਸ਼ੇਸ਼ ਅਦਾਲਤ 'ਚ ਮੁਕੱਦਮਾ ਚੱਲੇਗਾ।