ਸਾਬਕਾ ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਨੇ ਵਿਰਾਟ ਨੂੰ ਬਣਾਇਆ ਆਪਣੀ ਟੈਸਟ ਟੀਮ ਦਾ ਕਪਤਾਨ

by

ਮੀਡੀਆ ਡੈਸਕ: ਇਨ੍ਹੀਂ ਦਿਨੀਂ ਸਾਰੇ ਸਾਬਕਾ ਕ੍ਰਿਕਟਰ ਸਾਲ 2019 ਦੇ ਸਮਾਪਤ ਹੋਣ ਦੇ ਨਾਲ ਇਸ ਦਹਾਕੇ (2010-2019) ਦੀ ਆਪੋ-ਆਪਣੀ ਟੈਸਟ ਟੀਮ ਤਿਆਰ ਕਰ ਰਹੇ ਹਨ। ਇਸ ਮੁਹਿੰਮ 'ਚ ਸਾਬਕਾ ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਵੀ ਸ਼ਾਮਲ ਹੋ ਗਏ ਹਨ। ਪੋਂਟਿੰਗ ਨੇ ਸੋਮਵਾਰ ਨੂੰ ਇਸ ਦਹਾਕੇ (2010-2019) ਦੀ ਆਪਣੀ ਟੈਸਟ ਇਲੈਵਨ ਦੀ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ ਹੈ। ਇਸ ਸਾਬਕਾ ਕੰਗਾਰੂ ਕਪਤਾਨ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣੀ ਇਸ ਖ਼ਾਸ ਟੈਸਟ ਟੀਮ ਦੀ ਕਪਤਾਨੀ ਸੌਂਪੀ ਹੈ। ਹਾਲਾਂਕਿ ਪੋਂਟਿੰਗ ਵੱਲੋਂ ਚੁਣੀ ਗਈ ਟੈਸਟ ਇਲੈਵਨ ਵਿਚ ਭਾਰਤ ਤੋਂ ਵਿਰਾਟ ਹੀ ਇਕਲੌਤੇ ਖਿਡਾਰੀ ਹਨ ਜਦਕਿ ਪਾਕਿਸਤਾਨ ਤੋਂ ਕਿਸੇ ਵੀ ਖਿਡਾਰੀ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਦਹਾਕੇ ਦੀ ਆਪਣੀ ਟੈਸਟ ਟੀਮ ਦੀ ਸੂਰਤ ਸਾਫ਼ ਕਰਦੇ ਹੋਏ ਇਸ ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਨੇ ਲਿਖਿਆ ਕਿ ਹਰ ਕੋਈ ਇਸ ਦਹਾਕੇ ਦੀ ਟੀਮ ਚੁਣ ਰਿਹਾ ਹੈ ਤਾਂ ਮੈਂ ਸੋਚਿਆ ਕਿ ਮੈਂ ਵੀ ਇਸ ਮਸਤੀ ਵਿਚ ਸ਼ਾਮਲ ਹੋ ਜਾਵਾਂ। 2010 ਤੋਂ ਇਹ ਹੋਵੇਗੀ ਮੇਰੀ ਟੈਸਟ ਟੀਮ। ਪੋਂਟਿੰਗ ਦੀ ਇਸ ਟੀਮ ਵਿਚ ਪੰਜ ਖਿਡਾਰੀ ਅਜਿਹੇ ਹਨ, ਜੋ ਆਪੋ-ਆਪਣੇ ਦੇਸ਼ਾਂ ਦੀਆਂ ਟੈਸਟ ਟੀਮਾਂ ਦੇ ਕਪਤਾਨ ਹਨ ਜਾਂ ਰਹੇ ਹਨ। ਆਪਣੀ ਟੈਸ ਟਇਲੈਵਨ ਵਿਚ ਪੋਂਟਿੰਗ ਨੇ ਇੰਗਲੈਂਡ 'ਚੋਂ ਸਭ ਤੋਂ ਜ਼ਿਆਦਾ ਚਾਰ, ਆਸਟ੍ਰੇਲੀਆ 'ਚੋਂ ਤਿੰਨ ਤੇ ਭਾਰਤ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਸ੍ਰੀਲੰਕਾ ਤੋਂ ਇਕ ਇਕ ਖਿਡਾਰੀ ਨੂੰ ਥਾਂ ਦਿੱਤੀ ਹੈ। ਆਪਣੀ ਇਸ ਟੈਸਟ ਟੀਮ ਵਿਚ ਪੋਂਟਿੰਗ ਨੇ ਡੇਵਿਡ ਵਾਰਨਰ ਤੇ ਏਲਿਸਟੇਅਰ ਕੁੱਕ ਨੂੰ ਓਪਨਿੰਗ ਦੀ ਜ਼ਿੰਮੇਵਾਰੀ ਦਿੱਤੀ ਹੈ। ਨੰਬਰ ਤਿੰਨ 'ਤੇ ਉਨ੍ਹਾਂ ਨੇ ਕੇਨ ਵਿਲੀਅਮਸਨ, ਚਾਰ 'ਤੇ ਸਟੀਵ ਸਮਿਥ ਤੇ ਕਪਤਾਨ ਵਿਰਾਟ ਕੋਹਲੀ ਨੂੰ ਨੰਬਰ ਪੰਜ 'ਤੇ ਬੱਲੇਬਾਜ਼ੀ ਲਈ ਚੁਣਿਆ ਹੈ। ਪੋਂਟਿੰਗ ਦੀ ਇਸ ਟੀਮ ਵਿਚ ਤਿੰਨ ਤੇਜ਼ ਗੇਂਦਬਾਜ਼, ਇਕ ਸਪਿੰਨਰ ਤੇ ਬੇਨ ਸਟੋਕਸ ਦੇ ਰੂਪ ਵਿਚ ਇੱਕੋ ਇਕ ਹਰਫ਼ਨਮੌਲਾ ਖਿਡਾਰੀ ਹੈ। ਵਿਕਟਕੀਪਿੰਗ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਸ੍ਰੀਲੰਕਾ ਦੇ ਮਹਾਨ ਖਿਡਾਰੀ ਕੁਮਾਰ ਸੰਗਾਕਾਰਾ ਨੂੰ ਸੌਂਪੀ ਹੈ।

ਆਪਣੇ ਦੌਰ ਦੇ ਖਿਡਾਰੀ ਨੂੰ ਨਹੀਂ ਕੀਤਾ ਸ਼ਾਮਲ:

ਦਿਲਚਸਪ ਹੈ ਕਿ ਪੋਂਟਿੰਗ ਨੇ ਆਪਣੇ ਦੌਰ ਦੇ ਕਿਸੇ ਵੀ ਖਿਡਾਰੀ ਨੂੰ ਥਾਂ ਨਹੀਂ ਦਿੱਤੀ ਹੈ ਜਦਕਿ ਉਨ੍ਹਾਂ ਦੇ ਦੌਰ ਵਿਚ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਮਿਸਬਾਹ ਉਲ ਹਕ, ਮਾਈਕਲ ਕਲਾਰਕ, ਏਬੀ ਡਿਵੀਲੀਅਰਜ਼, ਐੱਮਐੱਸ ਧੋਨੀ ਵਰਗੇ ਖਿਡਾਰੀ ਵੀ ਖੇਡੇ ਹਨ।

ਪੋਂਟਿੰਗ ਦੀ ਟੈਸਟ ਇਲੈਵਨ:

ਡੇਵਿਡ ਵਾਰਨਰ, ਏਲਿਸਟੇਅਰ ਕੁੱਕ, ਕੇਨ ਵਿਲੀਅਮਸਨ, ਸਟੀਵ ਸਮਿਥ, ਵਿਰਾਟ ਕੋਹਲੀ (ਕਪਤਾਨ), ਕੁਮਾਰ ਸੰਗਾਕਾਰਾ (ਵਿਕਟਕੀਪਰ), ਬੇਨ ਸਟੋਕਸ, ਡੇਲ ਸਟੇਨ, ਨਾਥਨ ਲਿਓਨ, ਸਟੂਅਰਟ ਬਰਾਡ, ਜੇਮਜ਼ ਐਂਡਰਸਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।