
ਚੰਡੀਗੜ੍ਹ (ਦੇਵ ਇੰਦਰਜੀਤ) : ਕਾਂਗਰਸ ਹਾਈ ਕਮਾਨ ਵਲੋਂ ਭਾਵੇਂ ਅੱਜ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਨਰਾਜ਼ਗੀ ਦੂਰ ਕਰਨ ਲਈ ਪੰਜਾਬ ਭੇਜਿਆ ਗਿਆ ਸੀ ਅਤੇ ਦੋਵਾਂ ਆਗੂਆਂ ਵਿਚਾਲੇ ਲੰਮੀ ਮੀਟਿੰਗ ਵੀ ਹੋਈ ਪਰ ਕੈਪਟਨ ਦੀ ਨਾਰਾਜ਼ਗੀ ਅਜੇ ਵੀ ਜਿਉਂ ਦੀ ਤਿਉਂ ਬਰਕਰਾਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਸਾਫ਼ ਆਖਿਆ ਹੈ ਕਿ ਜਦੋਂ ਤਕ ਨਵਜੋਤ ਸਿੱਧੂ ਉਨ੍ਹਾਂ ਪਾਸੋਂ ਮੁਆਫ਼ੀ ਨਹੀਂ ਮੰਗਦੇ ਉਦੋਂ ਤਕ ਉਹ ਸਿੱਧੂ ਨਾਲ ਮੁਲਾਕਾਤ ਨਹੀਂ ਕਰਨਗੇ। ਕੈਪਟਨ ਨੇ ਆਖਿਆ ਹੈ ਕਿ ਸਿੱਧੂ ਪਹਿਲਾਂ ਕੀਤੇ ਹੋਏ ਟਵੀਟਾਂ ’ਤੇ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਫਿਰ ਹੀ ਮੀਟਿੰਗ ਹੋਵੇਗੀ।

ਕੈਪਟਨ ਨੇ ਇਹ ਵੀ ਕਿਹਾ ਹੈ ਕਿ ਪੀ.ਪੀ. ਸੀ. ਸੀ. ਪ੍ਰਧਾਨ ਦੀ ਨਿਯੁਕਤੀ ਕਾਂਗਰਸ ਮੁਖੀ ਦਾ ਹੱਥ ਵਿਚ ਹੈ ਅਤੇ ਇਹ ਉਨ੍ਹਾਂ ਦਾ ਹੱਕ ਵੀ ਹੈ ਪਰ ਹਾਈਕਮਾਨ ਨੇ ਜਿਸ ਤਰ੍ਹਾਂ ਇਸ ਮੁੱਦੇ ਨੂੰ ਸੰਭਾਲਿਆ ਹੈ, ਇਹ ਬੇਹੱਦ ਗ਼ਲਤ ਸੀ। ਇਨਾ ਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਵਲੋਂ ਵੱਖ-ਵੱਖ ਚੈਨਲਾਂ ਨੂੰ ਦਿੱਤੇ ਗਏ ਇੰਟਰਵਿਊ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਅੱਗੇ ਵੱਡੀ ਸ਼ਰਤ ਰੱਖ ਦਿੱਤੀ ਹੈ ਤਾਂ ਅਜਿਹੇ ਵਿਚ ਕਾਂਗਰਸ ਦਾ ਅੰਦਰੂਨੀ ਕਲੇਸ਼ ਇਥੇ ਨਿੱਬੜਦਾ ਹੈ ਜਾਂ ਹੋਰ ਅੱਗੇ ਜਾਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।