ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਪਿਓ ਨੇ ਆਪਣੇ ਮਤਰੇਏ ਪੁੱਤ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਡਰੰਮ 'ਚ ਪਾ ਕੇ ਉਪਰ ਮਿੱਟੀ ਭਰ ਕੇ ਪਲਸਤਰ ਕਰ ਦਿੱਤਾ ਸੀ। ਹੁਣ ਪੁਲਿਸ ਨੇ ਦੋਸ਼ੀ ਵਿਵੇਕਾਨੰਦ ਮੰਡਲ ਨੂੰ ਗ੍ਰਿਫ਼ਤਾਰ ਕਰ ਲਿਆ , ਜੋ ਪਿਛਲੇ 8 ਮਹੀਨਿਆਂ ਤੋਂ ਫਰਾਰ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਸੀ, ਉਦੋਂ ਤੋਂ ਹੀ ਪੁਲਿਸ ਵੱਲੋ ਉਸ ਦੀ ਭਾਲ ਕੀਤੀ ਜਾ ਰਹੀ ਸੀ ।
ਪੁਲਿਸ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਕਿ ਭੱਟੀਆਂ ਬੇਟ ਦੀ ਗੁਰੂ ਕਿਰਪਾ ਕਾਲੋਨੀ 'ਚ ਰਹਿਣ ਵਾਲੀ ਸਵਿਤਾ ਦੇਵੀ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੇ ਘਰ ਦੀ ਛੱਤ 'ਤੇ ਪਏ ਡਰੰਮ 'ਚ ਉਸ ਦੇ ਪੁੱਤ ਦੀ ਲਾਸ਼ ਪਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਪੁਲਿਸ ਨੂੰ ਘਟਨਾ ਵਾਲੀ ਥਾਂ 'ਤੇ ਜਾ ਪਤਾ ਲੱਗਾ ਕਿ ਸਵਿਤਾ ਨੇ ਆਪਣੇ ਪਤੀ ਹਿੰਮਤ ਨੂੰ ਛੱਡ ਦਿੱਤਾ ਸੀ ਤੇ ਆਪਣੇ ਦਿਓਰ ਵਿਵੇਕਾਨੰਦ ਨਾਲ ਰਹਿਣ ਲੱਗ ਗਈ ਸੀ। ਸਵਿਤਾ ਦੇ 2 ਪੁੱਤ ਸਨ ਜਿਨ੍ਹਾਂ 'ਚੋ ਵੱਡਾ ਪੁੱਤ ਪਿਊਸ਼ ਹੈ, ਜਦਕਿ ਛੋਟਾ ਪੁੱਤ ਮੰਦਬੁਧੀ ਹੈ। ਪਿਊਸ਼ ਦਾ ਆਪਣੇ ਮਤਰੇਏ ਪਿਤਾ ਨਾਲ ਹਮੇਸ਼ਾ ਲੜਾਈ ਹੁੰਦੀ ਸੀ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਫਿਰ ਲੜਾਈ ਹੋ ਗਈ । ਜਿਸ ਤੋਂ ਬਾਅਦ ਸਵਿਤਾ ਆਪਣੀ ਭੈਣ ਘਰ ਚੱਲੀ ਗਈ ਤੇ ਉਸ ਨੇ ਆਪਣੇ ਪੁੱਤ ਨੂੰ ਫੋਨ ਕੀਤਾ ਪਰ ਪਿਊਸ਼ ਦਾ ਮੋਬਾਈਲ ਬੰਦ ਆ ਰਿਹਾ ਸੀ ।
ਫਿਰ ਉਸ ਨੇ ਆਪਣੇ ਪਤੀ ਵਿਵੇਕਾਨੰਦ ਕੋਲੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਿਊਸ਼ ਆਪਣੇ ਦੋਸਤਾਂ ਨਾਲ ਦਿੱਲੀ ਗਿਆ ਹੈ। ਕਾਫੀ ਦਿਨ ਬੀਤ ਗਏ ਪਰ ਪਿਊਸ਼ ਦਾ ਕੁਝ ਪਤਾ ਨਹੀ ਲੱਗਾ । ਸਵਿਤਾ ਆਪਣੇ ਘਰ ਆ ਗਈ ,ਜਿੱਥੇ ਉਸ ਨੇ ਆਪਣੇ ਪੁੱਤ ਦੀ ਭਾਲ ਕੀਤੀ, ਜਦੋ ਉਹ ਛੱਤ 'ਤੇ ਗਈ ਤਾਂ ਉੱਥੇ ਪਏ ਡਰੰਮ 'ਚੋ ਕਾਫੀ ਬਦਬੂ ਆ ਰਹੀ ਸੀ । ਜਿਸ ਤੋਂ ਬਾਅਦ ਉਸ ਨੇ ਗੁਆਂਢੀਆਂ ਨੂੰ ਬੁਲਾ ਕੇ ਪਲਸਤਰ ਉਤਾਰਿਆ ,ਜਿਸ ਅੰਦਰੋਂ ਪਿਊਸ਼ ਦੀ ਲਾਸ਼ ਮਿਲੀ । ਫਿਲਹਾਲ ਪੁਲਿਸ ਵਲੋਂ ਦੋਸ਼ੀ ਕੋਲੋਂ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ।