ਓਨਟਾਰੀਓ (ਦੇਵ ਇੰਦਰਜੀਤ) : ਰੇਅਰ ਬਲੱਡ ਕਲੌਟਸ ਦੀਆਂ ਰਿਪੋਰਟਾਂ ਵਿੱਚ ਹੋਏ ਵਾਧੇ ਤੋਂ ਬਾਅਦ ਓਨਟਾਰੀਓ ਵੱਲੋਂ ਐਸਟ੍ਰਾਜ਼ੈਨੇਕਾ ਦੀ ਕੋਵਿਡ-19 ਵੈਕਸੀਨ ਦੀਆਂ ਪਹਿਲੀਆਂ ਡੋਜ਼ਾਂ ਦੇਣ ਉੱਤੇ ਰੋਕ ਲਾ ਦਿੱਤੀ ਗਈ ਹੈ।ਇਹ ਐਲਾਨ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਡੇਵਿਡ ਵਿਲੀਅਮਜ਼ ਵੱਲੋਂ ਮੰਗਲਵਾਰ ਦੁਪਹਿਰ ਨੂੰ ਕੀਤਾ ਗਿਆ। ਇਸ ਮੌਕੇ ਵਿਲੀਅਮਜ਼ ਨੇ ਆਖਿਆ ਕਿ ਇਹ ਫੈਸਲਾ ਅਹਿਤਿਆਤਨ ਲਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਜਿਹਾ ਨਹੀਂ ਹੈ ਕਿ ਇਸ ਵੈਕਸੀਨ ਕਾਰਨ ਲੋਕਾਂ ਵਿੱਚ ਬਲੱਡ ਕਲੌਟਸ ਦੇ ਮਾਮਲਿਆ ਵਿੱਚ ਬੇਹੱਦ ਵਾਧਾ ਹੋਇਆ ਹੋਵੇ ਪਰ ਅਸੀਂ ਕਿਸੇ ਵੀ ਤਰ੍ਹਾਂ ਦਾ ਖਤਰਾ ਮੁੱਲ ਨਾ ਲੈਂਦਿਆਂ ਹੋਇਆਂ ਹੋਰ ਡਾਟਾ ਤੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਾਂ।
ਐਸਟ੍ਰਾਜੈ਼ਨੇਕਾ ਵੈਕਸੀਨ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪ੍ਰੋਵਿੰਸ ਭਰ ਦੀਆਂ ਕਈ ਫਾਰਮੇਸੀਜ਼ ਉੱਤੇ ਦਿੱਤੀ ਗਈ। ਚੀਫ ਹੈਲਥ ਪ੍ਰੋਟੈਕਸ਼ਨ ਐਂਡ ਐਮਰਜੰਸੀ ਪ੍ਰੀਪੇਅਰਡਨੈੱਸ ਆਫੀਸਰ ਡਾ· ਜੈਸਿਕਾ ਹੌਪਕਿੰਨਜ਼ ਅਨੁਸਾਰ ਓਨਟਾਰੀਓ ਵਿੱਚ ਵੈਕਸੀਨ ਕਾਰਨ ਥਰੌਂਬੌਟਿਕ ਥਰੌਂਬੋਸਾਇਟੋਪੇਨੀਆ (ਵੀ ਆਈ ਟੀ ਟੀ) ਹੋਣ ਦਾ ਖਤਰਾ 60,000 ਵਿੱਚੋਂ ਇੱਕ ਹੈ। ਬਾਅਦ ਵਿੱਚ ਹੌਪਕਿੰਨਜ਼ ਨੇ ਸਪਸ਼ਟ ਕੀਤਾ ਕਿ 8 ਮਈ ਤੱਕ ਵੈਕਸੀਨ ਕਾਰਨ 8 ਓਨਟਾਰੀਓ ਵਾਸੀਆਂ ਨੂੰ ਬਲੱਡ ਕਲੌਟਸ ਨਾਲ ਸਬੰਧਤ ਦਿੱਕਤ ਹੋਈ।
ਉਨ੍ਹਾਂ ਆਖਿਆ ਕਿ ਸਾਰੇ ਅੰਕੜਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵੀ ਆਈ ਟੀ ਟੀ ਦੇ ਖਤਰੇ ਨੁੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਤੇ ਇਸੇ ਲਈ ਐਸਟ੍ਰਾਜ਼ੈਨੇਕਾ ਨੂੰ ਰੋਕਣਾ ਹੀ ਠੀਕ ਹੋਵੇਗਾ।ਉਨ੍ਹਾਂ ਇਹ ਵੀ ਆਖਿਆ ਕਿ ਐਸਟ੍ਰਾਜ਼ੈਨੇਕਾ ਵੈਕਸੀਨ ਨਾਲ ਕੋਵਿਡ-19 ਦਾ ਖਤਰਾ ਘਟਦਾ ਹੈ, ਹਸਪਤਾਲ ਵਿੱਚ ਭਰਤੀ ਹੋਣ ਤੇ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਵੀ ਘਟਦੀਆਂ ਹਨ। ਜਿਨ੍ਹਾਂ ਨੇ ਇਹ ਵੈਕਸੀਨ ਲਵਾਈ ਹੈ ਉਨ੍ਹਾਂ ਨੇ ਬਿਲਕੁਲ ਸਹੀ ਕਦਮ ਚੁੱਕਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਵੈਕਸੀਨਜ਼ ਦੀਆਂ ਡੋਜ਼ਾਂ ਵਿੱਚ ਵੀ ਵਾਧਾ ਹੋਇਆ ਹੈ। ਵਿਲੀਅਮਜ਼ ਨੇ ਆਖਿਆ ਕਿ ਇਸ ਭਰੋਸੇਮੰਗ ਵੈਕਸੀਨ ਦੀ ਸਪਲਾਈ ਵਿੱਚ ਵਾਧਾ ਹੋਣ ਕਾਰਨ ਵੀ ਇਹ ਫੈਸਲਾ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਐਸਟ੍ਰਾਜ਼ੈਨੇਕਾ ਦੀ ਜਿੰਨੀ ਬਚੀ ਹੋਈ ਸਪਲਾਈ ਓਨਟਾਰੀਓ ਕੋਲ ਪਈ ਹੈ ਉਸ ਨੂੰ ਦੂਜੀ ਡੋਜ਼ ਲਈ ਵਰਤਿਆ ਜਾਵੇਗਾ।