ਕੈਨੇਡਾ : ਫੈਡਰਲ ਸਰਕਾਰ ਨੇ ਪਿਛਲੇ ਢਾਈ ਸਾਲਾਂ ‘ਚ 900 ਪ੍ਰਵਾਸੀ ਕੀਤੇ ਡਿਪੋਰਟ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਇਹ ਪ੍ਰਗਟਾਵਾ ਫੈਡਰਲ ਸਰਕਾਰ ਦੇ ਤਾਜ਼ਾ ਅੰਕੜਿਆਂ ਵਿਚ ਕੀਤਾ ਗਿਆ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ 2017 ਦੇ ਸ਼ੁਰੂ ਤੋਂ ਇਸ ਸਾਲ ਮਈ ਦੇ ਅੰਤ ਤੱਕ 45 ਹਜ਼ਾਰ ਪ੍ਰਵਾਸੀਆਂ ਨੇ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਦੀ ਧਰਤੀ 'ਤੇ ਕਦਮ ਰੱਖਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦਲੀਲ ਦਿੱਤੀ ਹੈ ਕਿ ਪਨਾਹ ਮੰਗਣ ਵਾਲੇ ਕਿਸੇ ਪ੍ਰਵਾਸੀ ਨੂੰ ਉਦੋਂ ਹੀ ਡਿਪੋਰਟ ਕਰਨ ਦੇ ਹੁਕਮ ਦਿੱਤੇ ਜਾ ਸਕਦੇ ਹਨ, ਜਦੋਂ ਮੁਲਕ ਵਿਚ ਰਹਿਣ ਦੇ ਸਾਰੇ ਕਾਨੂੰਨੀ ਰਾਹ ਬੰਦ ਹੋ ਜਾਣ। ਬਾਰਡਰ ਸੁਰੱਖਿਆ ਮੰਤਰੀ ਬਿਲ ਬਲੇਅਰ ਦੀ ਤਰਜਮਾਨ ਮੇਰੀ ਇਮੈਨੁਅਲ ਨੇ ਕਿਹਾ ਕਿ ਦੇਸ਼ ਨਿਕਾਲੇ ਦੇ ਹੁਕਮਾਂ ਤੋਂ ਪਹਿਲਾਂ ਹਰ ਨਾਜਾਇਜ਼ ਸ਼ਰਨਾਰਥੀ ਨਿਆਇਕ ਸਮੀਖਿਆ, ਪ੍ਰਸ਼ਾਸਕੀ ਸਮੀਖਿਆ ਅਤੇ ਹੋਰ ਕਾਨੂੰਨੀ ਤਿਕੜਮਾਂ ਲੜਾਉਣ ਦੀ ਕੋਸ਼ਿਸ਼ ਕਰਦਾ ਹੈ। 

ਸਪੱਸ਼ਟ ਸ਼ਬਦਾਂ ਵਿਚ ਦੱਸਿਆ ਜਾਵੇ ਤਾਂ ਹਰ ਪ੍ਰਵਾਸੀ, ਦੇਸ਼ ਨਿਕਾਲੇ ਦੇ ਹੁਕਮਾਂ ਤੋਂ ਪਹਿਲਾਂ ਸੰਪੂਰਨ ਕਾਨੂੰਨੀ ਪ੍ਰਕਿਰਿਆ ਵਿਚ ਲੰਘਣ ਦਾ ਹੱਕਦਾਰ ਹੈ। ਯਾਦ ਰਹੇ ਕਿ ਕੈਨੇਡਾ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਹੜ੍ਹ 2017 ਵਿਚ ਆਉਣਾ ਸ਼ੁਰੂ ਹੋਇਆ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਮੁਲਕਾਂ ਨਾਲ ਸਬੰਧਿਤ ਪ੍ਰਵਾਸੀਆਂ ਲਈ ਆਰਜ਼ੀ ਇੰਮੀਗ੍ਰੇਸ਼ਨ ਰੁਤਬਾ ਖਤਮ ਕਰਨ ਦਾ ਐਲਾਨ ਕਰ ਦਿੱਤਾ। ਇਸ ਮਗਰੋਂ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਜੰਗਲਾਂ ਅਤੇ ਦਰਿਆਵਾਂ ਨੂੰ ਪਾਰ ਕਰਦੇ ਹੋਏ ਕੈਨੇਡਾ ਵਿਚ ਦਾਖਲ ਹੋ ਗਏ। ਲਿਬਰਲ ਸਰਕਾਰ ਨੇ ਇਨ੍ਹਾਂ ਨੂੰ ਗੈਰ-ਕਾਨੂੰਨੀ ਪ੍ਰਵਾਸੀ ਮੰਨਣ ਦੀ ਬਜਾਏ ਗੈਰ ਨਿਯਮਬੱਧ ਪ੍ਰਵਾਸੀ ਕਰਾਰ ਦਿੱਤਾ।