ਫਾਸਟੈਗ ਨਾਲ ਸਾਲਾਨਾ 15 ਹਜ਼ਾਰ ਕਰੋੜ ਦੀ ਆਮਦਨ ਵਧੇਗੀ

by mediateam

ਨਵੀਂ ਦਿੱਲੀ: ਫਾਸਟੈਗ ਦੀ ਵਿਵਸਥਾ ਟੋਲ ਆਮਦਨ ਵਧਾਉਣ ਵਿਚ ਵੀ ਸਹਾਇਕ ਸਾਬਤ ਹੋ ਰਹੀ ਹੈ। ਹੁਣ ਤਕ ਦੇ ਅੰਕੜਿਆਂ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਸਾਰੇ ਟੋਲ ਪਲਾਜ਼ਾ ਦੇ ਫਾਸਟੈਗ ਅਨੁਕੂਲ ਹੋਣ ਅਤੇ ਹਾਈਵੇਅ 'ਤੇ ਚੱਲਣ ਵਾਲੇ ਸਾਰੇ ਵਾਹਨਾਂ ਵਿਚ ਫਾਸਟੈਗ ਲੱਗਣ ਨਾਲ ਐੱਨਐੱਚਏਆਈ ਦੀ ਟੋਲ ਆਮਦਨ ਵਿਚ ਸਾਲਾਨਾ 15 ਹਜ਼ਾਰ ਕਰੋੜ ਰੁਪਏ ਤਕ ਦੇ ਵਾਧੇ ਦੀ ਉਮੀਦ ਹੈ।

ਸੜਕੀ ਆਵਾਜਾਈ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਿਕ ਪਿਛਲੇ ਇਕ ਮਹੀਨੇ ਵਿਚ ਐੱਨਐੱਚਏਆਈ ਨੇ ਰਾਸ਼ਟਰੀ ਰਾਜ ਮਾਰਗਾਂ ਦੇ ਆਪਣੇ ਸਾਰੇ 502 ਟੋਲ ਪਲਾਜ਼ਿਆਂ ਵਿਚੋਂ 90 ਫ਼ੀਸਦੀ ਟੋਲ ਪਲਾਜ਼ਿਆਂ ਨੂੰ ਫਾਸਟੈਗ ਦੇ ਅਨੁਕੂਲ ਬਣਾ ਦਿੱਤਾ ਹੈ। ਸਿਰਫ਼ 50 ਅਜਿਹੇ ਟੋਲ ਪਲਾਜ਼ਾ ਨੂੰ ਫਾਸਟੈਗ ਅਨੁਕੂਲ ਬਣਾਉਣ ਦਾ ਕੰਮ ਬਾਕੀ ਹੈ ਜੋ ਪੀਡਬਲਯੂਡੀ ਦੇ ਅਧੀਨ ਆਉਂਦੇ ਹਨ ਅਤੇ ਜਿਥੇ ਇਲੈਕਟ੍ਰਾਨਿਕ ਦੀ ਥਾਂ ਪੁਰਾਣੀ ਤਕਨੀਕ ਨਾਲ ਮੈਨੂਅਲ ਟੋਲ ਆਮਦਨ ਇਕੱਠੀ ਕੀਤੀ ਜਾ ਰਹੀ ਸੀ।

ਇਸ ਦੌਰਾਨ 22 ਨਵੰਬਰ ਨੂੰ ਸੜਕੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੀ ਫਾਸਟੈਗ ਲਾਜ਼ਮੀ ਸਬੰਧੀ ਪ੍ਰੈੱਸ ਕਾਨਫਰੰਸ ਪਿੱਛੋਂ ਰਾਸ਼ਟਰੀ ਰਾਜ ਮਾਰਗਾਂ 'ਤੇ ਚੱਲਣ ਵਾਲੇ ਤਕਰੀਬਨ 50 ਫ਼ੀਸਦੀ ਵਾਹਨ ਡਰਾਈਵਰਾਂ ਨੇ ਆਪਣੇ ਵਾਹਨਾਂ ਵਿਚ ਫਾਸਟੈਗ ਲਗਾ ਲਏ ਹਨ।

ਇਸ ਨਾਲ ਹੀ ਐੱਨਐੱਚਏਆਈ ਦੀ ਰੋਜ਼ਾਨਾ ਦੀ ਆਮਦਨ ਵਿਚ 20 ਕਰੋੜ ਰੁਪਏ ਦਾ ਵਾਧਾ ਹੋ ਗਿਆ ਹੈ। ਪਹਿਲਾਂ ਜਿਥੇ ਰੋਜ਼ਾਨਾ ਲਗਪਗ 66 ਕਰੋੜ ਰੁਪਏ ਦੀ ਟੋਲ ਆਮਦਨ ਹੁੰਦੀ ਸੀ ਉੱਥੇ ਹੁਣ ਹਰ ਰੋਜ਼ ਟੋਲ ਤੋਂ 86 ਕਰੋੜ ਰੁਪਏ ਪ੍ਰਾਪਤ ਹੋ ਰਹੇ ਹਨ। ਇਸ ਦਾ ਮਤਲਬ ਹਰ ਮਹੀਨੇ 600 ਕਰੋੜ ਅਤੇ ਹਰ ਸਾਲ 7,200 ਕਰੋੜ ਰੁਪਏ ਦਾ ਵਾਧਾ। ਸਪੱਸ਼ਟ ਹੈ ਕਿ ਜਦੋਂ ਸੌ ਫ਼ੀਸਦੀ ਵਾਹਨਾਂ ਵਿਚ ਫਾਸਟੈਗ ਲੱਗ ਜਾਏਗਾ ਤਦ ਐੱਨਐੱਚਏਆਈ ਨੂੰ ਹਰ ਸਾਲ ਟੋਲ ਰਾਹੀਂ 14,400 ਕਰੋੜ ਰੁਪਏ ਦੀ ਵਾਧੂ ਰਕਮ ਹਾਸਿਲ ਹੋਵੇਗੀ।

ਅਜੇ ਐੱਨਐੱਚਏਆਈ ਦਾ ਔਸਤ ਰੋਜ਼ਾਨਾ ਟੋਲ ਸੰਗ੍ਰਹਿ ਲਗਪਗ 66 ਕਰੋੜ, ਮਹੀਨੇ 'ਚ 2,200 ਕਰੋੜ ਅਤੇ ਸਾਲਾਨਾ ਟੋਲ ਸੰਗ੍ਹਿ ਕਰੀਬ 24 ਹਜ਼ਾਰ ਕਰੋੜ ਰੁਪਏ ਹੈ। ਸੜਕੀ ਆਵਾਜਾਈ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਫਾਸਟੈਗ ਤੋਂ ਪਹਿਲੇ ਦੇ ਟੋਲ ਸੰਗ੍ਹਿ ਦੇ ਅੰਕੜਿਆਂ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਕੈਸ਼ ਭੁਗਤਾਨ ਵਿਚ ਵੱਡੇ ਪੈਮਾਨੇ 'ਤੇ ਅੰਡਰ ਰਿਪੋਰਟਿੰਗ ਹੁੰਦੀ ਸੀ। ਟੋਲ ਠੇਕੇਦਾਰ ਜਿੰਨਾ ਧਨ ਇਕੱਠਾ ਕਰਦੇ ਸਨ ਉੱਨਾ ਰਿਕਾਰਡ 'ਤੇ ਦਿਖਾਉਂਦੇ ਨਹੀਂ ਸਨ। ਅਨੁਮਾਨ ਹੈ ਕਿ ਲਗਪਗ 20 ਫ਼ੀਸਦੀ ਘੱਟ ਟੋਲ ਸੰਗ੍ਹਿ ਦਰਸਾਇਆ ਜਾਂਦਾ ਸੀ।

ਫਾਸਟੈਗ ਲਾਗੂ ਹੋਣ ਨਾਲ ਅੰਡਰ ਰਿਪੋਰਟਿੰਗ 'ਤੇ ਪੂਰੀ ਤਰ੍ਹਾਂ ਰੋਕ ਲੱਗ ਜਾਏਗੀ। ਇਸ ਦੇ ਇਲਾਵਾ 15 ਜਨਵਰੀ ਜਾਂ ਉਸ ਦੇ ਬਾਅਦ ਜਦੋਂ ਬਿਨਾਂ ਫਾਸਟੈਗ ਵਾਲੇ ਵਾਹਨਾਂ ਤੋਂ ਦੋਗੁਣਾ ਟੋਲ ਵਸੂਲਣ ਦਾ ਨਿਯਮ ਸਖ਼ਤੀ ਨਾਲ ਲਾਗੂ ਹੋਵੇਗਾ ਤਦ ਰਾਸ਼ਟਰੀ ਰਾਜ ਮਾਰਗਾਂ 'ਤੇ ਚੱਲਣ ਵਾਲੇ ਸਾਰੇ ਵਾਹਨਾਂ ਤੋਂ ਟੋਲ ਕੁਲੈਕਟ ਹੋਵੇਗਾ ਅਤੇ ਰਸੂਖ ਦੇ ਜ਼ੋਰ 'ਤੇ ਟੋਲ ਨਾ ਦੇਣ ਵਾਲੇ ਵੀ ਇਸ ਤੋਂ ਬੱਚ ਨਹੀਂ ਸਕਣਗੇ। ਇਸ ਨਾਲ ਟੋਲ ਆਮਦਨ ਵਿਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਆ ਰਹੀਆਂ ਹਨ ਕੁਝ ਦਿੱਕਤਾਂ

ਇਸ ਦੌਰਾਨ ਕੁਝ ਟੋਲ ਪਲਾਜ਼ਿਆਂ 'ਤੇ ਤਕਨੀਕੀ ਸਮੱਸਿਆਵਾਂ ਦੇ ਇਲਾਵਾ ਕਈ ਟੋਲ ਪਲਾਜ਼ਿਆਂ 'ਤੇ ਫਾਸਟੈਗ ਲੇਨ ਵਿਚ ਬਿਨਾਂ ਫਾਸਟੈਗ ਵਾਹਨਾਂ ਦੇ ਦਾਖਲੇ ਕਾਰਨ ਅਤੇ ਫਿਰ ਦੋਗੁਣਾ ਟੋਲ ਦੇਣ ਦੀ ਨੌਬਤ 'ਤੇ ਬਹਿਸ ਅਤੇ ਝਗੜੇ ਦੀਆਂ ਘਟਨਾਵਾਂ ਦੇਖਣ ਵਿਚ ਆ ਰਹੀਆਂ ਹਨ। ਕੁਝ ਥਾਵਾਂ 'ਤੇ ਕੈਸ਼ ਲਈ ਇਕ-ਚੌਥਾਈ ਤੋਂ ਘੱਟ ਲੇਨ ਖੋਲ੍ਹੇ ਜਾਣ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਐੱਨਐੱਚਏਆਈ ਦੇ ਅਧਿਕਾਰੀਆਂ ਨੇ ਇਨ੍ਹਾਂ ਨੂੰ ਸ਼ੁਰੂਆਤੀ ਸਮੱਸਿਆਵਾਂ ਕਿਹਾ ਹੈ ਜੋ ਹੌਲੀ-ਹੌਲੀ ਹੱਲ ਹੋ ਜਾਣਗੀਆਂ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।