by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਪਨਗਰ ਵਿਖੇ ਕੁਝ ਮਹੀਨੇ ਪਹਿਲਾਂ ਪਏ ਮੀਂਹ ਕਾਰਨ ਜ਼ਿਲ੍ਹਾ ਰੋਪੜ ਦੇ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਇਲਾਕਾ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਸਰਕਾਰ ਖ਼ਿਲਾਫ਼ ਸ਼ੁਰੂ ਕੀਤਾ ਧਰਨਾ ਜਾਰੀ ਰਿਹਾ।
ਧਰਨੇ 'ਚ ਪਹੁੰਚੇ ਕਿਸਾਨਾਂ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਜ਼ਿਲ੍ਹਾ ਰੋਪੜ 'ਚ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ, ਜਿਨ੍ਹਾਂ 'ਚ ਕਣਕ, ਮੱਕੀ, ਪਸ਼ੂਆਂ ਦਾ ਚਾਰਾ ਤੇ ਸਬਜ਼ੀਆਂ ਆਦਿ ਸ਼ਾਮਲ ਹਨ। ਇਸ ਮੌਕੇ ਕਿਸਾਨਾਂ ਨੇ ਤਹਿਸੀਲਦਾਰ ਰੂਪਨਗਰ ਨੂੰ ਸਰਕਾਰ ਦੇ ਨਾਂ ਇਕ ਮੰਗ ਪੱਤਰ ਵੀ ਦਿੱਤਾ ਤੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਾ ਦਿੱਤਾ ਤਾਂ ਭਵਿੱਖ ਵਿਚ ਕਿਸਾਨ ਹੋਰ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।