ਪੱਤਰ ਪ੍ਰੇਰਕ : ਇੱਕ ਪਾਸੇ ਜਿੱਥੇ ਲਗਾਤਾਰ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ 'ਤੇ ਡੱਟੀਆਂ ਹੋਈਆਂ ਹਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ 'ਤੇ ਲਾਠੀਚਾਰਜ ਦੇ ਨਾਲ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ। ਉੱਥੇ ਹੀ ਬੀਤੇ ਦਿਨੀ ਇੱਕ ਕਿਸਾਨ ਦੀ ਧਰਨੇ ਦੇ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਭੜਕੀਆਂ ਹੋਈਆਂ ਹਨ ਅਤੇ ਇਸ ਦਾ ਜ਼ੋਰਦਾਰ ਵਿਰੋਧ ਕਰ ਰਹੀਆਂ ਹਨ। ਇਸੇ ਦੇ ਤਹਿਤ ਅੱਜ ਪੰਜਾਬ ਭਰ ਦੇ ਟੋਲ ਪਲਾਜ਼ੇ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕਰ ਦਿੱਤੇ ਗਏ। ਆਮ ਲੋਕਾਂ ਲਈ ਟੋਲ ਪਲਾਜ਼ਾ ਮੁਫਤ ਕਰ ਦਿੱਤਾ ਗਿਆ ਹੈ। ਖਾਸ ਕਰਕੇ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਜੋ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ। ਉੱਥੇ ਕਿਸਾਨ ਜਥੇਬੰਦੀਆਂ ਨੇ ਡੇਰਾ ਲਗਾ ਲਿਆ ਹੈ ਅਤੇ ਕਿਹਾ ਹੈ ਕਿ ਦੋ ਦਿਨ ਤੱਕ ਇਹ ਟੋਲ ਪਲਾਜ਼ਾ ਪੂਰੀ ਤਰ੍ਹਾਂ ਆਵਾਜਾਈ ਲਈ ਮੁਫ਼ਤ ਰਹੇਗਾ।
ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਡੀਆਂ ਮੰਗਾਂ ਵੱਲ ਸਰਕਾਰ ਗੌਰ ਨਹੀਂ ਫਰਮਾ ਰਹੀ, ਸਗੋਂ ਕਿਸਾਨਾਂ 'ਤੇ ਤਸ਼ੱਦਦ ਢਾਅ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਉਹ ਪਿੱਛੇ ਹਟਣ ਵਾਲੇ ਨਹੀਂ ਹਨ, ਉਹਨਾਂ ਵੱਲੋਂ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੇਗਾ। ਸਾਡੇ ਇੱਕ ਕਿਸਾਨ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਅਤੇ ਹੁਣ ਹੋਰ ਪੰਜਾਬ ਦੇ ਵਿੱਚ ਕਿਸਾਨ ਇਕੱਠੇ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਦੋ ਦਿਨ ਅਸੀਂ ਇੱਥੇ ਹੀ ਰਹਾਂਗੇ, ਆਪਣਾ ਰਾਸ਼ਨ ਪਾਣੀ ਨਾਲ ਲੈ ਕੇ ਆਏ ਹਨ। ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਜਥੇਬੰਦੀ ਵੱਲੋਂ ਫੈਸਲਾ ਕੀਤਾ ਜਾਵੇਗਾ, ਉਸ ਦੇ ਮੁਤਾਬਿਕ ਜੇਕਰ ਦਿੱਲੀ ਜਾਣਾ ਪਿਆ ਤਾਂ ਉਹ ਦਿੱਲੀ ਜਾਣਗੇ ਤੇਜੇਕਰ ਇੱਥੇ ਹੀ ਧਰਨੇ ਪ੍ਰਦਰਸ਼ਨ ਕਰਨੇ ਹੋਏ ਤਾਂ ਇੱਥੇ ਕਰਨਗੇ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਆਰ ਪਾਰ ਦੀ ਲੜਾਈ ਲਈ ਤਿਆਰ ਬਰ ਤਿਆਰ ਹਨ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪੱਧਰੀ ਲੀਡਰਸ਼ਿਪ ਦੇ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਕਾਰਪੋਰੇਟਾਂ ਨੂੰ ਫਾਇਦੇ ਪਹੁੰਚਾਉਣ ਲਈ ਲਗਾਤਾਰ ਸਰਕਾਰ ਕੰਮ ਕਰ ਰਹੀ ਹੈ। ਉੱਥੇ ਹੀ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਜਿੰਨ੍ਹਾਂ ਨੇ ਮਿਹਨਤ ਦੇ ਨਾਲ ਅਨਾਜ ਦੀ ਕਮੀ ਨੂੰ ਪੂਰਾ ਕੀਤਾ। ਅੱਜ ਉਹ ਸੜਕਾਂ ਉੱਤੇ ਰੁਲਣ ਲਈ ਮਜਬੂਰ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਸਮਾਜ ਨੂੰ ਵੰਡ ਕੇ ਧਰਮ ਅਤੇ ਜਾਤ ਪਾਤ ਦੇ ਨਾਂ 'ਤੇ ਇੱਕ ਦੂਜੇ ਨੂੰ ਲੜਾ ਕੇ ਜੇਕਰ ਸਰਕਾਰ ਸੋਚ 'ਚ ਰਹੀ ਹੈ ਕਿ ਉਹ ਸਿਆਸੀ ਲਾਹਾ ਲੈ ਕੇ ਲੋਕਾਂ ਤੋਂ ਵੋਟਾਂ ਲੈ ਲੈਣਗੇ ਤਾਂ ਅਜਿਹਾ ਹੁਣ ਨਹੀਂ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ਸਾਡੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਹੈ। ਪੂਰਾ ਦੇਸ਼ ਅੱਜ ਇਸ ਸਰਕਾਰ ਦੇ ਜਬਰ ਜੁਲਮ ਨੂੰ ਦੇਖ ਰਿਹਾ ਹੈ।