ਬੁਢਲਾਡਾ (ਕਰਨ) : ਕਿਸਾਨਾਂ ਦੇ ਦੇਸ਼ ਵਿਆਪੀ ਮੰਚ ਸੰਯੁਕਤ ਕਿਸਾਨ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨਾਂ ਦਾ ਸਥਾਨਕ ਸ਼ਹਿਰ ਦੇ ਪੈਟਰੋਲ ਪੰਪ 'ਤੇ ਚੱਲ ਰਿਹਾ ਲੜੀਵਾਰ ਧਰਨਾ ਅੱਜ 223 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।
ਅੱਜ ਧਰਨੇ ਨੂੰ ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਰੂਪ ਸਿੰਘ ਗੁਰਨੇ ਕਲਾਂ , ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਆਗੂ ਸਵਰਨ ਸਿੰਘ ਬੋੜਾਵਾਲ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਗੁਰਨੇ ਕਲਾਂ ਤੋਂ ਇਲਾਵਾ ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ ,ਮੱਖਣ ਸਿੰਘ ਸਾਬਕਾ ਸਰਪੰਚ ਗੁਰਨੇ ਖੁਰਦ ਅਤੇ ਕਾ. ਜਸਵੰਤ ਸਿੰਘ ਬੀਰੋਕੇ ਨੇ ਸੰਬੋਧਨ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਖਿਲਾਫ਼ ਆਰੰਭਿਆ ਕਿਸਾਨ ਅੰਦੋਲਨ ਦਾ ਸੁਨੇਹਾ ਦੇਸ਼ ਦੇ ਕੋਨੇ ਕੋਨੇ ਵਿੱਚ ਪਹੁੰਚ ਚੁੱਕਾ ਹੈ ਅਤੇ ਅੰਦੋਲਨ ਨਾਲ ਸਾਰੇ ਵਰਗਾਂ ਦੇ ਲੋਕ ਸਰੀਰਕ ਅਤੇ ਮਾਨਸਿਕ ਤੌਰ 'ਤੇ ਜੁੜ ਚੁੱਕੇ ਹਨ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਸ਼ਾਸ਼ਨਕਾਲ ਵਿੱਚ ਤੁਗਲਕੀ ਫੈਸਲੇ ਲੲੇ ਹਨ ਜਾਂ ਫਿਰ ਫਿਰਕੂ ਜ਼ਹਿਰ ਫੈਲਾਈ ਹੈ। ਆਗੂਆਂ ਨੇ ਕਿਹਾ ਕਿ ਇਸੇ ਕਾਰਨ ਹੀ ਸਾਡਾ ਦੇਸ਼ ਵਿਕਾਸਸ਼ੀਲ ਦੇਸ਼ਾਂ ਦੀ ਵਿੱਚੋਂ ਨਿਕਲਕੇ ਪੱਛੜੇ ਮੁਲਕਾਂ ਵਿੱਚ ਸ਼ਾਮਲ ਹੋਇਆ ਹੈ। ਦੇਸ਼ ਅੰਦਰ ਭ੍ਰਿਸ਼ਟਾਚਾਰ , ਮਹਿੰਗਾਈ , ਗਰੀਬੀ , ਭੁੱਖਮਰੀ , ਬੇਰੁਜ਼ਗਾਰੀ ਆਦਿ ਦੇ ਅੰਕੜਿਆਂ ਵਿੱਚ ਬੇਅਥਾਹ ਵਾਧਾ ਹੋਇਆ ਹੈ। ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਅੰਬਾਨੀ-ਅਡਾਨੀ ਜਿਹੇ ਘਰਾਣਿਆਂ ਦੀ ਸੰਪਤੀ ਵਿੱਚ ਚੋਖਾ ਵਾਧਾ ਹੋਇਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੇ ਅੰਨਦਾਤੇ ਨੂੰ ਸੜਕਾਂ 'ਤੇ ਰੋਲ਼ ਕੇ ਇਸ ਸਰਕਾਰ ਨੇ ਆਪਣੀ ਖਾਤਮੇ ਲਈ ਖੁਦ ਹੀ ਜ਼ਮੀਨ ਤਿਆਰ ਕਰ ਲੲੀ ਹੈ ਅਤੇ ਇਸੇ ਦਾ ਹੀ ਸਿੱਟਾ ਹੈ ਕਿ ਦੇਸ਼ ਵਿੱਚ ਇਸ ਸਰਕਾਰ ਮੁੱਖ ਪਾਰਟੀ ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਗਈ ਹੈ ।
ਹੋਰਨਾਂ ਤੋਂ ਇਲਾਵਾ ਇਕੱਠ ਨੂੰ ਗੁਲਜ਼ਾਰ ਸਿੰਘ ਗੁਰਨੇ ਕਲਾਂ ,ਮਿੱਠੂ ਸਿੰਘ ਅਹਿਮਦਪੁਰ , ਲੀਲਾ ਸਿੰਘ ਗੁਰਨੇ ਕਲਾਂ , ਗੁਰਚਰਨ ਸਿੰਘ ਖਾਲਸਾ , ਭੂਰਾ ਸਿੰਘ ਅਹਿਮਦਪੁਰ , ਜਥੇਦਾਰ ਜਵਾਲਾ ਸਿੰਘ ਗੁਰਨੇ ਖੁਰਦ , ਅਜਾਇਬ ਸਿੰਘ ਮੱਕੂ , ਅੰਗਰੇਜ਼ ਸਿੰਘ ਗੁਰਨੇ ਕਲਾਂ , ਸੀਤਾ ਗਿਰ , ਅਮਰੀਕ ਸਿੰਘ ਮੰਦਰਾਂ ਵੀ ਸੰਬੋਧਨ ਕੀਤਾ ।