ਬਠਿੰਡਾ (ਦੇਵ ਇੰਦਰਜੀਤ)- ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਹੇਠ ਚਲ ਰਹੇ ਸੰਘਰਸ਼ ਦੌਰਾਨ ਕਈ ਮੁੱਦਿਆਂ ’ਤੇ ਮਤਭੇਦ ਹੋਣ ਤੋਂ ਬਾਅਦ ਅਪਣਾ ਅਲੱਗ ਰਾਹ ਬਣਾ ਕੇ ਚਲ ਰਹੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਦਾਅਵਾ ਕੀਤਾ ਹੈ ਕਿ ‘‘ਫ਼ੈਸਲੇ ਲੈਣ ਤੇ ਕਿਸਮਤ ਬਦਲਣ ਲਈ ਸੱਤਾ ਦਾ ਹੱਥ ਵਿਚ ਹੋਣਾ ਬਹੁਤ ਜ਼ਰੂਰੀ ਹੈ।’’
ਬੁੱਧੀਜੀਵੀਆ ਦੇ ਸੱਦੇ ਹੇਠ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਪੁੱਜੇ ਹਰਿਆਣਾ ਨਾਲ ਸਬੰਧਤ ਇਸ ਆਗੂ ਨੇ ਅਪਣੇ ਬਿਆਨ ਨੂੰ ਮੁੜ ਦੁਹਰਾਉਂਦਆਂ ਐਲਾਨ ਕੀਤਾ ਕਿ ‘‘ਉਹ ਅਪਣੇ ਪਹਿਲੇ ਵਾਅਦੇ ’ਤੇ ਕਾਇਮ ਰਹਿੰਦੇ ਹੋਏ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਲਈ ਤਿਆਰੀਆਂ ਕਰ ਰਹੇ ਹਨ।’’ ਇਸ ਮੌਕੇ ਉਨ੍ਹਾਂ ਲਖੀਮਪੁਰ ਵਿਖੇ ਵਾਪਰੀ ਘਟਨਾ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਕਥਿਤ ਦੋਸ਼ੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਇਸ ਘਟਨਾ ’ਚ ਇਨਸਾਫ਼ ਲਈ ਵੱਡਾ ਐਕਸ਼ਨ ਲਈ ਵੀ ਸਲਾਹ ਦਿਤੀ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਸੰਘਰਸ਼ ਨੇ ਭਾਜਪਾ ਦੀ ਪਾਜ ਖੋਲ ਰੱਖ ਦਿਤੀ ਹੈ। ਗੁਰਨਾਮ ਸਿੰਘ ਚੜੂਨੀ ਨੇ ਇਸ ਕਾਂਡ ’ਚ ਕਥਿਤ ਦੋਸ਼ੀ ਪਾਏ ਜਾਣ ਵਾਲੇ ਸਾਰੇ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ।
ਇਸ ਦੌਰਾਨ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬੇਸ਼ੱਕ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਚੋਣਾਂ ਵਿਚ ਹਿੱਸਾ ਲੈਣ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਹੈ ਪ੍ਰੰਤੂ ਉਹ ਮਿਸ਼ਨ ਪੰਜਾਬ ਨੂੰ ਸ਼ੁਰੂ ਕਰ ਚੁੱਕੇ ਹਨ ਤੇ ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਉਹ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਆਉਣ ਵਾਲੀਆਂ ਚੋਣਾਂ ਲਈ ਇਕਜੁਟ ਹੋਣ ਦਾ ਸੱਦਾ ਦਿਤਾ।