ਫਰੀਦਕੋਟ ਦੀ ਧੀ ਕੋਮਲਪ੍ਰੀਤ ਕੌਰ ਨੇ ਕੈਨੇਡੀਅਨ ਪੁਲਿਸ ਵਿੱਚ ਸੁਧਾਰ ਅਫਸਰ ਬਣ ਕੇ ਵਿਦੇਸ਼ ਦੀ ਧਰਤੀ ਤੇ ਮਾਪਿਆਂ ਦੇ ਨਾਲ ਨਾਲ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਸ਼ੁੱਕਰਵਾਰ ਨੂੰ ਜਾਣਕਾਰੀ ਸਾਹਮਣੇ ਆਈ ਕਿ ਕੋਮਲਪ੍ਰੀਤ ਕੌਰ ਨੂੰ ਕੈਨੇਡਾ ਸਰਕਾਰ ਵੱਲੋਂ ਸਕੈਚਵਨ ਵਿੱਚ ਤਾਇਨਾਤ ਕੀਤਾ ਗਿਆ ਹੈ। ਕੋਮਲਪ੍ਰੀਤ ਡੋਗਰ ਬਸਤੀ ਗਲੀ ਨੰਬਰ 9 ਫਰੀਦਕੋਟ ਵਸਨੀਕ ਪੰਜਾਬ ਪੁਲੀਸ ਦੇ ਏਐਸਆਈ ਦਿਲਬਾਗ ਸਿੰਘ ਅਤੇ ਹਰਜਿੰਦਰ ਕੌਰ ਦੀ ਪੁੱਤਰੀ ਹੈ।
ਜਾਣਕਾਰੀ ਮੁਤਾਬਕ ਉਹ ਸਾਲ 2014 ‘ਚ ਪੜ੍ਹਾਈ ਕਰਨ ਵਿਦੇਸ਼ ਗਈ ਸੀ। ਬੇਟੀ ਦੀ ਇਸ ਪ੍ਰਾਪਤੀ ਲਈ ਪਿਤਾ ਦਿਲਬਾਗ ਸਿੰਘ ਅਤੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਕੋਮਲਪ੍ਰੀਤ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੀ ਵਿਦਿਆਰਥਣ ਰਹੀ ਹੈ। ਪਿਤਾ ਨੇ ਦੱਸਿਆ ਕਿ ਕੈਨੇਡਾ ਵਿੱਚ ਪੀ.ਆਰ ਹੋਣ ਤੋਂ ਬਾਅਦ ਉਸ ਨੇ ਸੁਧਾਰ ਅਧਿਕਾਰੀ ਲਈ ਇੰਟਰਵਿਊ ਦਿੱਤੀ ਸੀ। ਜਿਸ ਵਿੱਚ ਕੁੱਲ 20 ਉਮੀਦਵਾਰਾਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿੱਚ ਕੋਮਲਪ੍ਰੀਤ ਵੀ ਸ਼ਾਮਲ ਹੈ।