ਅੰਮ੍ਰਿਤਸਰ,(ਦੇਵ ਇੰਦਰਜੀਤ) :ਪੰਜਾਬੀ ਦੇ ਮਸ਼ਹੂਰ ਗਾਇਕ ਦਿਲਜਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਸੜਕ ਹਾਦਸਾ ਰਾਤ 3:45 ਵਜੇ ਵਾਪਰਿਆ। "ਸੁਰਖ਼ਸ਼ੇਤਰ" ਰਾਹੀ ਪ੍ਰਸਿੱਧ ਹੋਏ ਗਾਇਕ ਦਿਲਜਾਨ ਅੰਮ੍ਰਿਤਸਰ ਨੇੜੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਦਰਦਨਾਕ ਸੜਕ ਹਾਦਸਾ ਅੰਮ੍ਰਿਤਸਰ ਜਲੰਧਰ ਜੀਟੀ ਰੋਡ ’ਤੇ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਕੋਲ ਕਾਰ ਡਿਵਾਇਡਰ ਵਿਚ ਵੱਜਣ ਕਾਰਨ ਵਾਪਰਿਆ। ਇਸ ਹਾਦਸੇ ਦੌਰਾਨ ਦਿਲਜਾਨ ਦੀ ਮੌਕੇ ’ਤੇ ਹੀ ਮੌਤ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਅਜੇ ਪੋਸਟਮਾਰਟਮ ਕਰਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਗਾਇਕ ਦਿਲਜਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਦਿਲਜਾਨ ਦੀ ਅਚਾਨਕ ਮੌਤ ਨਾਲ ਪੂਰੇ ਸੰਗੀਤ ਜਗਤ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ।ਉਨ੍ਹਾਂ ਦੀ ਗਿਣਤੀ ਦੇਸ਼-ਵਿਦੇਸ਼ ਦੇ ਬਿਹਤਰੀਨ ਗਾਇਕਾਂ 'ਚ ਕੀਤੀ ਜਾਂਦੀ ਸੀ। ਉਨ੍ਹਾਂ ਦੀ ਅਚਾਨਕ ਮੌਤ ਨਾਲ ਸੰਗੀਤ ਜਗਤ ਨੂੰ ਵੱਡਾ ਝਟਕਾ ਲੱਗਾ ਹੈ।
ਦਿਲਜਾਨ ਮੰਗਲਵਾਰ ਤੜਕਸਾਰ ਅੰਮ੍ਰਿਤਸਰ ਤੋਂ ਆ ਰਹੇ ਸਨ। ਉਨ੍ਹਾਂ ਦੀ ਕਾਰ ਦੀ ਰਫ਼ਤਾਰ ਤੇਜ਼ ਸੀ। ਪੁਲ ਕੋਲ ਪਹੁੰਚਦੇ ਹੀ ਕਾਰ ਬੇਕਾਬੂ ਹੋ ਗਈ ਅਤੇ ਡਿਵਾÎਇਡਰ ਨਾਲ ਟਕਰਾ ਕੇ ਪਲਟ ਗਈ। ਰਾਹਗੀਰਾਂ ਨੇ ਹਾਦਸੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਦਿਲਜਾਨ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।