Punjabi University ‘ਚ 6 ਸਾਲ ਤੋਂ ਚੱਲ ਰਿਹਾ ਸੀ ਜਾਅਲੀ ਹਾਜ਼ਰੀ ਫਰਜ਼ੀਵਾੜਾ

by nripost

ਪਟਿਆਲਾ (ਹਰਮੀਤ) : ਪੰਜਾਬੀ ਯੂਨੀਵਰਸਿਟੀ ਵਿਚ ਜਾਅਲੀ ਭਰਤੀ ਤੇ ਹਾ਼ਜਰੀਆਂ ਦਾ ਫਰਜ਼ੀਵਾੜਾ ਕਰੀਬ ਛੇ ਸਾਲ ਤੱਕ ਚੱਲਦਾ ਰਿਹਾ ਹੈ। ਰੋਜਾਨਾ ਜਾਅਲੀ ਦਸਤਖਤ ਤੇ ਕੈਂਪਸ ਵਿਚ ਡਿਊਟੀ ਨਾ ਦੇਣ ਵਾਲੇ ਫਰਜੀ ਕਰਮਚਾਰੀਆਂ ਦੀ ਕਿਸੇ ਨੂੰ ਵੀ ਸੂਹ ਨਹੀਂ ਲੱਗੀ। ਵਿਜੀਲੈਂਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਸਿਕਓਰਿਟੀ ਸੁਪਰਵਾਈਜ਼ਰ ਵਲੋਂ 2015 ਵਿਚ ਜਾਅਲੀ ਭਰਤੀ ਕਰਵਾਉਣ ਤੋਂ ਬਾਅਦ ਸਾਲ 2021 ਤੱਕ ਹਾਜ਼ਰੀਆਂ ਦਾ ਫਰਜ਼ੀਵਾੜਾ ਜਾਰੀ ਰੱਖਿਆ ਹੈ।

ਕੈਂਪਸ ਵਿਚ ਚਰਚਾ ਹੈ ਕਿ ਇਸ ਅਰਸੇ ਦੌਰਾਨ ਹਾਜ਼ਰੀ ਰਜਿਸਟਰ ’ਤੇ ਹੋ ਰਹੇ ਦਸਤਖਤਾਂ ਅਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਦੀ ਫਿਜ਼ੀਕਲ ਪੜਤਾਲ ਹੀ ਨਹੀਂ ਕੀਤੀ ਗਈ। ਹੁਣ ਅਥਾਰਟੀ ਨੇ ਸੀਨੀਅਰ ਅਧਿਕਾਰੀਆਂ ’ਤੇ ਬਾਜ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਹ ਘਪਲਾ ਕਿਸੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਦੀ ਪਕੜ ਵਿਚ ਨਾ ਆਉਣ ’ਤੇ ਵੀ ਸਵਾਲ ਖੜ੍ਹੇ ਹੋਣ ਲੱਗੇ ਹਨ।

ਵਿਜੀਲੈਂਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਿਕਓਰਿਟੀ ਸੁਪਰਵਾਈਜ਼ਰ ਵੱਲੋਂ ਫਰਜ਼ੀ ਭਰਤੀ ਕੀਤੀ ਗਈ ਆਪਣੇ ਘਰ ਵਿਚ ਕੰਮ ਕਰਨ ਵਾਲੀ ਔਰਤ ਘੱਟ ਪੜ੍ਹੀ ਹੋਈ ਸੀ ਜਿਸ ਕਰਕੇ ਉਸ ਨੂੰ ਆਪਣੇ ਬੈਂਕ ਖਾਤੇ ਵਿਚੋਂ ਪੈਸੇ ਕਿਸੇ ਹੋਰ ਵੱਲੋਂ ਕਢਵਾਏ ਜਾਣ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ।

ਸੁਪਰਵਾਈਜ਼ਰ ਦੇ ਲੜਕੇ ਦੇ ਖਾਤੇ ਵਿਚ ਦੀ ਸਤੰਬਰ 2015 ਤੋਂ ਜੂਨ 2021 ਤੱਕ ਕਰੀਬ 65 ਮਹੀਨੇ ਦੀ ਰਕਮ 6 ਲੱਖ 07 ਹਜ਼ਾਰ 448 ਰੁਪਏ ਤਨਖਾਹ ਬਣੀ। ਜਦੋਂਕਿ ਘਰ ਵਿਚ ਕੰਮ ਕਰਨ ਵਾਲੀ ਔਰਤ ਦੇ ਖਾਤੇ ਵਿਚ ਦਸੰਬਰ 2019 ਤੋਂ ਸਤੰਬਰ 2021 ਤੱਕ ਕਰੀਬ 25 ਮਹੀਨੇ ਦੀ ਰਕਮ 2 ਲੱਖ 56 ਹਜ਼ਾਰ 624 ਰੁਪਏ ਸੀ।

ਘਰ ’ਚ ਕੰਮ ਕਰਨ ਵਾਲੀ ਔਰਤ ਦੇ ਵਿਜੀਲੈਂਸ ਵੱਲੋਂ ਕਢਵਾਏ ਗਏ ਬੈਂਕ ਖਾਤੇ ਦੀ ਵੇਰਵੇ ਅਨੁਸਾਰ 19 ਮਹੀਨੇ ਵਿਚ ਕੁੱਲ 1 ਲੱਖ 84 ਹਜ਼ਾਰ 994 ਰੁਪਏ ਅਤੇ ਸੁਪਰਵਾਈਜ਼ਰ ਦੇ ਵਿਦੇਸ਼ ਗਏ ਲੜਕੇ ਦੇ ਬੈਂਕ ਖਾਤੇ ਅਨੁਸਾਰ 69 ਮਹੀਨਿਆਂ ਦੀ ਕੁੱਲ ਰਕਮ 6 ਲੱਖ 37 ਹਜ਼ਾਰ 615 ਰੁਪਏ ਬੈਂਕ ਖਾਤਿਆਂ ਵਿਚ ਟ੍ਰਾਂਸਫਰ ਹੋਣੀ ਪਾਈ ਗਈ ਹੈ।