ਦਿੱਲੀ (ਦੇਵ ਇੰਦਰਜੀਤ) : ਕਾਂਗਰਸ ਦੇ ਸਾਬਕਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ’ਚ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ ਤੋਂ ਸਾਫ਼ ਹੈ ਕਿ ਕਸ਼ਮੀਰ ਨੂੰ ਲੈ ਕੇ ਮੋਦੀ ਸਰਕਾਰ ਦੀ ਸਪੱਸ਼ਟ ਨੀਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ’ਚ ਹਿੰਸਾ ਘੱਟ ਹੋਣ ਦੀ ਬਜਾਏ ਲਗਾਤਾਰ ਵੱਧ ਰਹੀ ਹੈ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਜੰਮੂ ਕਸ਼ਮੀਰ ’ਚ ਸੁਰੱਖਿਆ ਦੇਣ ’ਚ ਸਰਕਾਰ ਪੂਰੀ ਤਰ੍ਹਾਂ ਨਾਲ ਅਸਫ਼ਲ ਰਹੀ ਹੈ।
ਰਾਹੁਲ ਨੇ ਕਿਹਾ,‘‘ਕਸ਼ਮੀਰ ’ਚ ਹਿੰਸਾ ’ਤੇ ਕਾਬੂ ਪਾਉਣ ਅਤੇ ਸੁਰੱਖਿਆ ਦੇਣ ’ਚ ਮੋਦੀ ਸਰਕਾਰ ਪੂਰੀ ਤਰ੍ਹਾਂ ਅਸਫ਼ਲ ਸਾਬਿਤ ਹੋਈ ਹੈ, ਲਗਾਤਾਰ ਹੋ ਰਹੀਆਂ ਕਤਲ ਦੀਆਂ ਘਟਨਾਵਾਂ ਦੁਖ਼ਦ ਹਨ। ਸਾਡੇ ਬਿਹਾਰ-ਉੱਤਰ ਪ੍ਰਦੇਸ਼ ਦੇ ਵੀ ਕੁਝ ਭਰਾਵਾਂ ਨੂੰ ਇਸ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਹੈ। ਦੁਖ਼ ਦੀ ਇਸ ਘੜੀ ’ਚ ਪੀੜਤ ਪਰਿਵਾਰਾਂ ਦੇ ਪ੍ਰਤੀ ਮੇਰੀ ਹਾਰਦਿਕ ਹਮਦਰਦੀ ਹੈ।’’
ਕਾਂਗਰਸ ਨੇ ਵੀ ਆਪਣੇ ਅਧਿਕਾਰਤ ਪੇਜ਼ ’ਤੇ ਟਵੀਟ ਕਰ ਕੇ ਸਰਕਾਰ ’ਤੇ ਹਮਲਾ ਬੋਲਦੇ ਹੋਏ ਕਿਹਾ,‘‘ਜੰਮੂ ਕਸ਼ਮੀਰ ਤੋਂ ਅੱਤਵਾਦ ਖ਼ਤਮ ਕਰਨ ਅਤੇ ਧਾਰਾ 370 ਨੂੰ ਲੈਕੇ ਮੋਦੀ ਸਰਕਾਰ ਨੇ ਕੀ-ਕੀ ਵੱਡੇ ਦਾਅਵੇ ਕੀਤੇ ਸਨ ਪਰ ਅੱਜ ਕਸ਼ਮੀਰ ’ਚ ਕੀ ਹੋ ਰਿਹਾ ਹੈ, ਇਸ ਨਾਲ ਹਰ ਕੋਈ ਵਾਕਿਫ਼ ਹੈ ਅਤੇ ਡਰਿਆ ਹੋਇਆ ਹੈ। ਕਸ਼ਮੀਰ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ ਪਰ ਸਰਕਾਰ ਇਸ ਪੂਰੀ ਸਥਿਤੀ ਤੋਂ ਬੇਖ਼ਬਰ ਦਿੱਸ ਰਹੀ ਹੈ।
’’ ਉਨ੍ਹਾਂ ਕਿਹਾ,‘‘ਜੰਮੂ ਕਸ਼ਮੀਰ ’ਚ ਹਰ ਬੀਤਦੇ ਹੋਏ ਦਿਨ ਨਾਲ ਸਥਿਤੀ ਹੋਰ ਖ਼ਰਾਬ ਹੁੰਦੀ ਜਾ ਰਹੀ ਹੈ। ਕਸ਼ਮੀਰ ਅਤੇ ਕਸ਼ਮੀਰੀਅਤ ਦੋਵੇਂ ਖ਼ਤਰੇ ’ਚ ਹਨ। ਸਾਲਾਂ ਤੋਂ ਕਸ਼ਮੀਰ ਦਾ ਨਾਮ ਲੈ ਕੇ ਰਾਜਨੀਤੀ ਕਰਨ ਵਾਲੀ ਭਾਜਪਾ ਅੱਜ-ਕੱਲ ਕਿੱਥੇ ਗਾਇਬ ਹੈ, ਕਿਸੇ ਨੂੰ ਕੁਝ ਨਹੀਂ ਪਤਾ।’’