ਡੈਨਵਰ (ਦੇਵ ਇੰਦਰਜੀਤ)- ਭਿਆਨਕ ਬਰਫ਼ੀਲੇ ਤੂਫ਼ਾਨ ਕਾਰਨ ਅਮਰੀਕਾ ਦੇ ਕੋਲੋਰਾਡੋ ਸੂਬੇ ਦੀ ਰਾਜਧਾਨੀ ਡੈਨਵਰ ਵਿੱਚ 2 ਹਜ਼ਾਰ ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਰਾਸ਼ਟਰੀ ਮੌਸਮ ਵਿਭਾਗ ਨੇ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ 18 ਤੋਂ 24 ਇੰਚ ਤਕ ਬਰਫ਼ਬਾਰੀ ਹੋਣ ਦੇ ਨਾਲ ਹੀ ਬਰਫ਼ਾਨੀ ਤੋਦੇ ਡਿੱਗ ਸਕਦੇ ਹਨ। ਇਸ ਦੇ ਇਲਾਵਾ ਫਰੰਟ ਰੇਂਜ ਪਹਾੜਾਂ ਦੇ ਕੁਝ ਇਲਾਕਿਆਂ ਵਿਚ 30 ਇੰਚ ਤਕ ਬਰਫ਼ਬਾਰੀ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਇਸ ਦੌਰਾਨ ਲੋਕਾਂ ਨੂੰ ਬਿਨਾ ਅਤਿ ਜ਼ਰੂਰੀ ਕੰਮ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ ਹੈ। ਕੋਲੋਰਾਡੋ ਟ੍ਰਾਂਸਪੋਰਟ ਵਿਭਾਗ ਨੇ ਵੀ ਸੜਕਾਂ ਬੰਦ ਹੋਣ ਦੀ ਸੰਭਾਵਨਾ ਪ੍ਰਗਟ ਕਰਦੇ ਹੋਏ ਬਹੁਤ ਜ਼ਰੂਰੀ ਹੋਣ ‘ਤੇ ਹੀ ਯਾਤਰਾ ਕਰਨ ਨੂੰ ਕਿਹਾ ਹੈ। ਡੈਨਵਰ ਪੁਲਿਸ ਨੇ ਵੀ ਲੋਕਾਂ ਨੂੰ ਇਸ ਸਮੇਂ ਦੌਰਾਨ ਯਾਤਰਾ ਨਾ ਕਰਨ ਦੀ ਹਦਾਇਤ ਕੀਤੀ ਹੈ।
ਬਰਫ਼ਬਾਰੀ ਨਾਲ ਸਭ ਤੋਂ ਜ਼ਿਆਦਾ ਰਾਜਮਾਰਗਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਤਰਜਮਾਨ ਐਮਿਲੀ ਵਿਲੀਅਮਸ ਨੇ ਕਿਹਾ ਕਿ ਸ਼ਨਿਚਰਵਾਰ ਸਵੇਰੇ ਹਵਾਈ ਅੱਡੇ ‘ਤੇ ਭੀੜਭਾੜ ਰਹੀ। ਹਾਲਾਂਕਿ ਬਾਅਦ ਵਿਚ 750 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਬੀਤੇ ਦਿਨ ਵੀ ਵੱਖ-ਵੱਖ ਥਾਵਾਂ ‘ਤੇ ਜਾਣ ਵਾਲੀਆਂ 1,300 ਉਡਾਣਾਂ ਨੂੰ ਰੱਦ ਕੀਤਾ ਗਿਆ। ਬਰਫੀਲੇ ਤੂਫਾਨ ਦੇ ਚਲਦਿਆਂ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 2 ਹਜ਼ਾਰ ਤੋਂ ਵੱਧ ਉਡਾਨਾਂ ਰੱਦ ਕਰਨਾ ਪਿਆ ਹੈ।