ਓਂਟਾਰੀਓ (ਦੇਵ ਇੰਦਰਜੀਤ) : ਕੈਨੇਡਾ ਜਾਣ ਵਾਲੇ ਐਨਆਰਆਈਜ਼ ਨੂੰ ਹੁਣ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਚਲਦਿਆਂ ਜਲਦ ਘਰ ਵਾਪਸੀ ਦਾ ਡਰ ਸਤਾਅ ਰਿਹਾ ਹੈ। ਇਸ ਨੂੰ ਲੈ ਕੇ ਐਨਆਰਆਈਜ਼ (ਨੌਨ ਰੈਜ਼ੀਡੈਂਟ ਇੰਡੀਅਨ) ਦੇ ਨਾਲ-ਨਾਲ ਕਾਲਜਾਂ 'ਚ ਦਾਖ਼ਲਾ ਲੈ ਚੁੱਕੇ ਨੌਜਵਾਨ ਵੀ ਕੈਨੇਡਾ ਲਈ ਫਲਾਈਟ ਨੂੰ ਲੈ ਕੇ ਉਤਾਵਲੇ ਹਨ। ਇਸ ਕਾਰਨ ਟਿਕਟਾਂ ਦੀ ਕੀਮਤ ਵਿੱਚ 4 ਗੁਣਾ ਵਾਧਾ ਹੋ ਗਿਆ ਹੈ। ਇਸ ਦੇ ਨਾਲ ਹੀ ਸੀਟਾਂ ਦੀ ਉਲੱਬਧਤਾ ਵੀ ਬੇਹੱਦ ਘੱਟ ਹੈ। ਇਸ ਸਮੇਂ ਕੈਨੇਡਾ ਲਈ ਸਿਰਫ਼ ਲੁਫਥਾਂਸਾ ਅਤੇ ਏਅਰ ਫਰਾਂਸ ਦੀਆਂ ਉਡਾਣਾਂ ਹੀ ਚੱਲ ਰਹੀਆਂ ਹਨ। 10 ਅਗਸਤ ਤੱਕ ਜੇਕਰ ਕਿਸੇ ਨੇ ਕੈਨੇਡਾ ਜਾਣਾ ਹੈ ਤਾਂ ਇਸ ਦੇ ਲਈ ਦੋ ਲੱਖ ਰੁਪਏ ਤੱਕ ਖਰਚ ਕਰਨੇ ਪੈ ਰਹੇ ਹਨ। 10 ਅਗਸਤ ਤੋਂ ਬਾਅਦ ਦੀ ਟਿਕਟ ਵੀ ਡੇਢ ਲੱਖ ਰੁਪਏ ਵਿੱਚ ਮਿਲ ਰਹੀ ਹੈ, ਜਦਕਿ ਆਮ ਦਿਨਾਂ ਵਿੱਚ ਇਹ ਟਿਕਟ 70 ਤੋਂ 75 ਹਜ਼ਾਰ ਰੁਪਏ ਦੀ ਰਹਿੰਦੀ ਹੈ। ਅਜਿਹੇ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾਂ ਦੇ ਚਲਦਿਆਂ ਟਿਕਟਾਂ ਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਸਬੰਧੀ ਸੱਗੜ ਟ੍ਰੈਵਲ ਦੇ ਐਮਡੀ ਰੂਪਜੀਤ ਸੱਗੜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਮੇਂ ਗਾਹਕਾਂ ਨੂੰ ਇੰਨੀ ਮਹਿੰਗੀ ਟਿਕਟ ਵੇਚਣ ਵਿੱਚ ਬੇਹੱਦ ਮੁਸ਼ਕਲ ਆ ਰਹੀ ਹੈ। ਟਿਕਟਾਂ ਦੀ ਕੀਮਤ ਵਿੱਚ ਵਾਧੇ ਦਾ ਮੁੱਖ ਕਾਰਨ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀਆਂ ਉਡਾਣਾਂ ਬੰਦ ਹੋਣਾ ਹੈ। ਕੈਨੇਡਾ ਲਈ ਸਿਰਫ਼ ਲੁਫਥਾਂਸਾ ਅਤੇ ਏਅਰ ਫਰਾਂਸ ਦੀਆਂ ਦੋ ਉਡਾਣਾਂ ਚੱਲ ਰਹੀਆਂ ਹਨ, ਜਦਕਿ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਲੋਕਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਲੋਕ ਚਾਰਟਰ 'ਤੇ ਜਾਣ ਤੋਂ ਵੀ ਕਤਰਾ ਰਹੇ ਹਨ ਕਿਉਂਕਿ ਬੁਕਿੰਗ ਤੋਂ ਬਾਅਦ ਕਈ ਵਾਰ ਚਾਰਟਰ ਨੂੰ ਜਾਣ ਦੀ ਮਨਜ਼ੂਰੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਯਾਤਰੀਆਂ ਨੂੰ ਰਾਹਤ ਦੇਣ ਲਈ ਕਦਮ ਚੁੱਕਣੇ ਚਾਹੀਦੇ ਹਨ। ਪ੍ਰੀਮੀਅਰ ਵਿਕੇਸ਼ੰਸ ਦੇ ਐਮਡੀ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਸਰਕਾਰ ਨੂੰ ਉਡਾਣਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ। ਕਈ ਐਨਆਰਆਈ ਲੰਬੇ ਸਮੇਂ ਤੋਂ ਪੰਜਾਬ ਵਿੱਚ ਫਸੇ ਹੋਏ ਹਨ ਅਤੇ ਵਿਦਿਆਰਥੀਆਂ ਨੂੰ ਬਿਨਾ ਐਜੂਕੇਸ਼ਨ ਦੇ ਹੀ ਫੀਸ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ 5 ਹਜ਼ਾਰ ਤੋਂ ਵੱਧ ਲੋਕ ਕੈਨੇਡਾ ਜਾਣ ਦੀ ਤਿਆਰੀ ਵਿੱਚ ਹਨ। ਟਿਕਟਾਂ ਦੀ ਕੀਮਤ 4 ਗੁਣਾ ਹੋਣ ਕਾਰਨ ਲੋਕਾਂ ਦੀ ਜੇਬ੍ਹ 'ਤੇ ਵਜ਼ਨ ਪੈ ਰਿਹਾ ਹੈ, ਪਰ ਮਜਬੂਰੀਵਸ ਉਹ ਫਿਰ ਵੀ ਕੈਨੇਡਾ ਜਾ ਰਹੇ ਹਨ।
by vikramsehajpal