ਅੰਮ੍ਰਿਤਸਰ (ਦੇਵ ਇੰਦਰਜੀਤ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਹਲਕਾ ਉੱਤਰੀ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੀ ਪ੍ਰਧਾਨਗੀ ਵਿਚ 88 ਫੁੱਟ ਰੋਡ ਵਿਚ ਵਰਕਰਾਂ ਦੇ ਸਹਿਯੋਗ ਨਾਲ ਵਿਸ਼ਾਲ ਰੈਲੀ ਆਯੋਜਿਤ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ, ਹਲਕਾ ਮਜੀਠਾ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਦਾ ਉੱਥੇ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜੋਸ਼ੀ ਨੂੰ ਵਿਕਾਸ ਕਰਵਾਉਣ ਦਾ ਸ਼ੌਕ ਹੈ, ਉਂਝ ਹੀ ਮੈਨੂੰ ਸ਼ੌਕ ਹੈ।
ਅਨਿਲ ਜੋਸ਼ੀ ਨੇ ਵਿਧਾਇਕ ਅਤੇ ਮੰਤਰੀ ਬਣਨ ਤੋਂ ਬਾਅਦ ਹਲਕਾ ਉੱਤਰੀ ਵਿਚ ਵਿਕਾਸ ਦੀ ਕਮੀ ਨਹੀਂ ਆਉਣ ਦਿੱਤੀ ਅਤੇ ਹਲਕਾ ਉੱਤਰੀ ਵਿਕਾਸਸ਼ੀਲ ਬਣਾਇਆ ਅਤੇ ਮੈਨੂੰ ਪਿਛਲੀ ਚੋਣ ਵਿਚ ਇਹੀ ਲੱਗਦਾ ਸੀ ਕਿ ਪੰਜਾਬ ਵਿਚ ਜੇਕਰ ਪਹਿਲੇ ਨੰਬਰ ਉੱਤੇ ਜਿੱਤ ਦਰਜ ਹੋਵੇਗੀ ਤਾਂ ਜੋਸ਼ੀ ਦੀ ਹੋਵੇਗੀ, ਇਸ ਲਈ ਜਨਤਾ ਨੂੰ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਜੋ ਕੰਮ ਕਰਦਾ ਹੈ, ਉਸ ਨੂੰ ਜ਼ਰੂਰ ਜਿਤਾਉਣਾ ਚਾਹੀਦਾ ਹੈ।
ਬਾਦਲ ਨੇ ਕਿਹਾ ਕਿ ਜਿੰਨੀਆਂ ਸਹੂਲਤਾਂ ਜਨਤਾ ਨੂੰ ਦਿੱਤੀਆਂ ਹਨ, ਉਹ ਸਭ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ ਹਨ।
ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਉੱਤੇ ਹਰ ਵਰਗ ਨੂੰ ਹਰ ਮਹੀਨੇ 400 ਯੂਨਿਟ ਅਤੇ 2 ਮਹੀਨਿਆਂ ਦੇ ਬਿੱਲ ਵਿਚ 800 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਵੇਗੀ।
ਸੁਖਬੀਰ ਨੇ ਦੱਸਿਆ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੀ ਤਰੱਕੀ ਲਈ 2500 ਕਰੋੜ ਰੁਪਏ ਖਰਚ ਕੀਤੇ। ਬਾਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਸਿੱਧੂ 2 ਸਾਲ ਤੋਂ ਵੱਧ ਸਮਾਂ ਸਥਾਨਕ ਸਰਕਾਰਾਂ ਮੰਤਰੀ ਰਹੇ ਪਰ ਕੋਈ ਕੰਮ ਨਹੀਂ ਕੀਤਾ।
ਬਿਕਰਮ ਸਿੰਘ ਮਜੀਠੀਆ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ, ਜੋ ਲੋਕ ਨਿੱਜੀ ਘਰ ਨਹੀਂ ਸੰਭਾਲ ਸਕਦੇ, ਉਹ ਸਰਕਾਰ ਨਹੀਂ ਚਲਾ ਸਕਦੇ।
ਇਸ ਮੌਕੇ ਜੋਸ਼ੀ ਨੇ ਸੰਬੋਧਿਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਮਾਝੇ ਦੇ ਜਰਨੈਲ ਬਿਰਕਮ ਮਜੀਠੀਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਕਾਂਗਰਸ ਦੀ ਉਲਟੀ ਗਿਤਣੀ ਸ਼ੁਰੂ ਹੋ ਗਈ ਹੈ।
ਹੁਣ ਪੰਜਾਬ ਸਰਕਾਰ ਅਕਾਲੀ ਦਲ ਦੀ ਬਣੇਗੀ ਅਤੇ ਸਰਕਾਰ ਬਣਨ ਤੋਂ ਬਾਅਦ ਹਰ ਮੁਸ਼ਕਲ ਦਾ ਹੱਲ ਹੋਵੇਗਾ। ਇਸ ਮੌਕੇ ਡਾ. ਸੁਭਾਸ਼ ਪੱਪੂ, ਗੁਰਪ੍ਰਤਾਪ ਸਿੰਘ ਟਿੱਕਾ, ਬਲਵਿੰਦਰ ਤੁੰਗ, ਮਿੰਟੂ ਨਈਅਰ, ਕੌਂਸਲਰ ਅਮਨ ਐਰੀ, ਰਛਪਾਲ ਬੱਬੂ ਆਦਿ ਮੌਜੂਦ ਸਨ।