ਵਾਸ਼ਿੰਗਟਨ (ਸਾਹਿਬ) - ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਰਾਸ਼ਟਰਪਤੀ ਦੀ ਚੋਣ ਲੜਨ ਵਾਲੀ ਡੈਮੋਕਰੈਟਿਕ ਆਗੂ ਕਮਲਾ ਹੈਰਿਸ ‘ਤੀਜੇ ਦਰਜੇ ਦੀ ਉਮੀਦਵਾਰ’ ਹੈ ਅਤੇ ਉਹ ਆਪਣੇ ਬੌਸ ਰਾਸ਼ਟਰਪਤੀ ਜੋਅ ਬਾਇਡਨ ਤੋਂ ਵੀ ਵੱਧ ਅਯੋਗ ਹੈ। ਅਰਬਪਤੀ ਐਲਨ ਮਸਕ ਨੂੰ ‘ਐਕਸ’ ’ਤੇ ਦਿੱਤੇ ਇੰਟਰਵਿਊ ’ਚ ਟਰੰਪ ਨੇ ਸਿਆਸਤ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਤਕਨੀਕੀ ਮੁਸ਼ਕਲਾਂ ਕਾਰਨ ਆਡੀਓ ਇੰਟਰਵਿਊ 40 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਇਆ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ‘ਐਕਸ’ ’ਤੇ ਹਮਲਾ ਹੋਣ ਕਾਰਨ ਇਸ ’ਚ ਗੜਬੜੀ ਹੋਈ।
ਇੰਟਵਿਊ ਨੂੰ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਸੁਣਿਆ। ਓਥੇ ਹੀ ਸਾਬਕਾ ਰਾਸ਼ਟਰਪਤੀ ਨੇ ਕਿਹਾ, ‘‘ਉਹ ਕੱਟੜ ਖੱਬੇ-ਪੱਖੀ ਕਮਲੀ ਹੈ। ਉਹ ਟਰੰਪ ਨਾਲੋਂ ਵੀ ਵੱਧ ਟਰੰਪ ਬਣਨਾ ਚਾਹੁੰਦੀ ਹੈ।’’ ਉਨ੍ਹਾਂ ਦੁਹਰਾਇਆ ਕਿ ਬਾਇਡਨ ਦੀ ਥਾਂ ’ਤੇ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੁਣੇ ਜਾਣਾ ਡੈਮੋਕਰੈਟਿਕ ਪਾਰਟੀ ’ਚ ਤਖ਼ਤਾ ਪਲਟ ਵਾਂਗ ਸੀ। ਮਸਕ ਸਾਬਕਾ ਰਾਸ਼ਟਰਪਤੀ ਨਾਲ ਇਸ ਗੱਲ ’ਤੇ ਸਹਿਮਤ ਦਿਖੇ ਕਿ ਕਮਲਾ ਹੈਰਿਸ ਦਾ ਵਤੀਰਾ ਕੱਟੜ ਖੱਬੇ-ਪੱਖੀਆਂ ਵਰਗਾ ਹੈ। ਟਰੰਪ ਨੇ ਕਿਹਾ ਕਿ ਉਸ ਕੋਲ ਕੰਮ ਕਰਨ ਲਈ ਅਜੇ ਵੀ ਪੰਜ ਹੋਰ ਮਹੀਨੇ ਹਨ ਪਰ ਉਹ ਸਿਰਫ਼ ਗੱਲਾਂ ਬਣਾਉਣੀਆਂ ਜਾਣਦੀ ਹੈ ਅਤੇ ਕੰਮ ਕੁਝ ਵੀ ਨਹੀਂ ਕਰੇਗੀ।