ਬਰੱਸਲਜ਼ (ਐੱਨ.ਆਰ.ਆਈ. ਮੀਡਿਆ) - ਯੂਰਪੀਅਨ ਯੂਨੀਅਨ ਵੱਲੋਂ ਕੈਨੇਡਾ, ਟਿਊਨੇਸ਼ੀਆ ਤੇ ਜਾਰਜੀਆ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚੋਂ ਹਟਾਉਣ ਦੀ ਯੋਜਨਾ ਉਲੀਕੀ ਗਈ ਹੈ ਜਿਨ੍ਹਾਂ ਦੇ ਵਾਸੀਆਂ ਨੂੰ ਕਰੋਨਾਵਾਇਰਸ ਮਹਾਂਮਾਰੀ ਦੌਰਾਨ ਬਲੌਕ ਦਾ ਦੌਰਾ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਹ ਖੁਲਾਸਾ ਯੂਰਪੀਅਨ ਯੂਨੀਅਨ ਦੇ ਮਸਲਿਆਂ ਦੇ ਜਾਣਕਾਰ ਅਧਿਕਾਰੀਆਂ ਵੱਲੋਂ ਕੀਤਾ ਗਿਆ। ਇਸ ਦੌਰਾਨ ਯੂਰਪੀਅਨ ਯੂਨੀਅਨ ਨੇ ਸਿੰਗਾਪੁਰ ਵਿੱਚ ਵਾਇਰਸ ਸਬੰਧੀ ਸੁਧਰ ਰਹੇ ਹਾਲਾਤ ਦੇ ਮੱਦੇਨਜ਼ਰ ਉੱਥੋਂ ਦੇ ਟਰੈਵਲਰਜ਼ ਲਈ ਆਪਣੇ ਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਕਈ ਹੋਰਨਾਂ ਦੇਸ਼ਾਂ ਵਾਂਗ ਹੀ ਅਮਰੀਕਾ ਨੂੰ ਵੀ ਇਸ ਬਲੈਕਲਿਸਟ ਵਿੱਚ ਰੱਖਿਆ ਜਾਵੇਗਾ| ਯੂਰਪੀਅਨ ਯੂਨੀਅਨ ਵੱਲੋਂ ਟਰੈਵਲ ਸਬੰਧੀ ਦੋ ਮਹੀਨਿਆਂ ਵਿੱਚ ਪਹਿਲੀ ਵਾਰੀ ਜਾਰੀ ਕੀਤੀ ਗਈ ਇਹ ਸੂਚੀ 11 ਦੇਸ਼ਾਂ ਤੋਂ ਘਟ ਕੇ 9 ਦੇਸ਼ਾਂ ਦੀ ਰਹਿ ਗਈ ਹੈ। ਬਾਕੀ ਅੱਠ ਦੇਸ਼ ਹਨ ਆਸਟਰੇਲੀਆ, ਚੀਨ, ਜਾਪਾਨ, ਨਿਊਜ਼ੀਲੈਂਡ, ਰਵਾਂਡਾ, ਸਾਊਥ ਕੋਰੀਆ, ਥਾਈਲੈਂਡ ਤੇ ਉਰੂਗੁਏ। ਇਹ ਸੂਚੀ ਉਸ ਸਮੇਂ ਅਪਡੇਟ ਕੀਤੀ ਗਈ ਹੈ ਜਦੋਂ ਯੂਰਪ ਵਿੱਚ ਹੀ ਅਜਿਹੇ ਮਾਮਲਿਆਂ ਵਿੱਚ ਕਾਫੀ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਇਨ੍ਹਾਂ ਤਬਦੀਲੀਆਂ ਬਾਰੇ ਅਜੇ ਯੂਰਪੀਅਨ ਯੂਨੀਅਨ ਦੇ ਮੈਂਬਰ ਮੁਲਕਾਂ ਵੱਲੋਂ ਬੁੱਧਵਾਰ ਨੂੰ ਆਪਣੀ ਸਹਿਮਤੀ ਜਾਂ ਅਸਹਿਮਤੀ ਦਿੱਤੀ ਜਾਣੀ ਬਾਕੀ ਹੈ। ਇੱਕ ਤੀਜੀ ਯੋਜਨਾ, ਜਿਸ ਨਾਲ ਇਸ ਸੂਚੀ ਦਾ ਫੌਰਮੈਟ ਪ੍ਰਭਾਵਿਤ ਹੋ ਸਕਦਾ ਹੈ, ਯੂਰਪੀਅਨ ਯੂਨੀਅਨ ਵੱਲੋਂ ਬਲਾਕ ਦੇ ਵੀਜ਼ਾ ਨਿਯਮਾਂ ਕਾਰਨ ਹਾਂਗ ਕਾਂਗ ਤੇ ਮਕਾਊ ਨੂੰ ਵੱਖਰੇ ਰੀਜਨਜ਼ ਵਜੋਂ ਮਾਨਤਾ ਦੇਣ ਦਾ ਟੀਚਾ ਹੈ।