
ਲੁਧਿਆਣਾ (ਰਾਘਵ) : ਬਿਜਲੀ ਦੇ ਬਕਾਇਆ ਬਿੱਲ ਜਮ੍ਹਾਂ ਨਾ ਕਰਵਾਏ ਗਏ ਤਾਂ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਜਾਣਕਾਰੀ ਦਿੰਦਿਆਂ ਸਹਾਇਕ ਇੰਜੀਨੀਅਰ ਸਬ-ਡਵੀਜ਼ਨ ਰੀਠਖੇੜੀ ਨਿਰਮਲ ਸਿੰਘ ਲੰਗ ਨੇ ਦੱਸਿਆ ਕਿ ਜਿਨ੍ਹਾਂ ਖਪਤਕਾਰਾਂ ਦੇ ਘਰੇਲੂ ਜਾਂ ਵਪਾਰਕ ਬਿਜਲੀ ਦੇ ਬਕਾਇਆ ਬਿੱਲ ਹਨ, ਉਹ ਤੁਰੰਤ ਜਮਾਂ ਕਰਵਾਏ ਜਾਣ। ਜੇਕਰ ਇਹ ਬਕਾਇਆ ਬਿੱਲ ਜਮਾਂ ਨਾ ਕਰਵਾਏ ਗਏ ਤਾਂ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਵਿਭਾਗ ਵੱਲੋਂ ਇਸ ਤੋਂ ਪਹਿਲਾਂ ਵੀ ਡਿਫਾਟਰ ਖਪਤਕਾਰਾਂ ਨੂੰ ਕਈ ਵਾਰ ਬਿਜਲੀ ਦੇ ਬਕਾਇਆ ਬਿੱਲ ਭਰਨ ਲਈ ਹਦਾਇਤ ਕੀਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਬਕਾਇਦਾ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚੱਲਦੇ ਹੁਣ ਵਿਭਾਗ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਲਿਹਾਜ਼ਾ ਜਿਨ੍ਹਾਂ ਉਪਭੋਗਤਾਵਾਂ ਦਾ ਬਿਜਲੀ ਬਿੱਲ ਬਕਾਇਆ ਹੈ, ਉਨ੍ਹਾਂ ਦੇ ਕੁਨੈਕਸ਼ਨ ਕੱਟੇ ਜਾ ਸਕਦੇ ਹਨ। ਐੱਸ. ਡੀ. ਓ. ਨਿਰਮਲ ਸਿੰਘ ਨੇ ਕਿਹਾ ਕਿ ਖਪਤਕਾਰ ਆਪਣੇ ਰਹਿੰਦੇ ਬਕਾਏ ਜਲਦ ਤੋਂ ਜਲਦ ਜਮਾਂ ਕਰਾਉਣ ਤਾਂ ਜੋ ਉਨ੍ਹਾਂ ਦੀ ਬਿਜਲੀ ਸਪਲਾਈ ਨਿਰੰਤਰ ਜਾਰੀ ਰੱਖੀ ਜਾ ਸਕੇ।
ਐੱਸ. ਡੀ. ਓ. ਰੀਠਖੇੜੀ ਸਬ-ਡਵੀਜ਼ਨ ਨਿਰਮਲ ਸਿੰਘ ਨੇ ਦੱਸਿਆ ਕਿ ਬਿਜਲੀ ਖਪਤਕਾਰਾਂ ਕੋਲ 2 ਕਰੋੜ ਦੇ ਕਰੀਬ ਬਕਾਇਆ ਸੀ, ਜਿਸ ’ਚੋਂ ਵਿਭਾਗ ਨੇ 60 ਲੱਖ ਦੀ ਰਿਕਵਰੀ ਕਰ ਲਈ ਹੈ। ਇਸ ਤੋਂ ਇਲਾਵਾ ਡਿਫਾਲਟਰ ਖਪਤਕਾਰਾਂ ਖ਼ਿਲਾਫ ਸਖ਼ਤੀ ਦਿਖਾਉਂਦਿਆਂ ਘਰੇਲੂ ਤੇ ਵਪਾਰਕ 118 ਦੇ ਕਰੀਬ ਡਿਫਾਲਟਰ ਖਪਤਕਾਰਾਂ ਖ਼ਿਲਾਫ ਕਾਰਵਾਈ ਕਰਦਿਆਂ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਤੇ 60 ਲੱਖ ਦੀ ਰਿਕਵਰੀ ਕਰਨ ਨੂੰ ਅੰਜਾਮ ਦਿੱਤਾ ਹੈ। ਵਿਭਾਗੀ ਅੰਕੜਿਆਂ ਮੁਤਾਬਕ ਸਬ-ਡਵੀਜ਼ਨ ਰੀਠਖੇੜੀ ’ਚ ਡਿਫਾਲਟਰ ਖਪਤਕਾਰਾਂ ਦੀ ਅਜੇ ਵੀ ਲੰਬੀ-ਚੌੜੀ ਲਿਸਟ ਬਕਾਇਆ ਹੈ, ਜਿਨ੍ਹਾਂ ਖ਼ਿਲਾਫ ਆਉਣ ਵਾਲੇ ਦਿਨਾਂ ’ਚ ਪਾਵਰਕਾਮ ਅਧਿਕਾਰੀਆਂ ਵੱਲੋਂ ਵੱਡਾ ਆਪ੍ਰੇਸ਼ਨ ਚਲਾਇਆ ਜਾਵੇਗਾ।