ਪੱਤਰ ਪ੍ਰੇਰਕ : ਲੋਕ ਸਭਾ ਚੋਣਾਂ ਦਾ ਆਗਾਜ਼ ਹੋਣ ਨਾਲ ਸਿਆਸੀ ਸਰਗਰਮੀਆਂ ਜ਼ੋਰਾਂ 'ਤੇ ਹਨ। ਜਿਸ ਦੇ ਚੱਲਦੇ ਸਿਆਸੀ ਪਾਰਟੀਆਂ ਨੇ ਉਮੀਦਵਾਰ ਵੀ ਕਈ ਐਲਾਨ ਦਿੱਤੇ ਹਨ ਤੇ ਉਹ ਚੋਣ ਪ੍ਰਚਾਰ 'ਚ ਰੁਝੇ ਹੋਏ ਹਨ। ਜਦਕਿ ਕਾਂਗਰਸ ਤੇ ਭਾਜਪਾ ਹਾਲੇ ਕੁਝ ਉਮੀਦਵਾਰ ਐਲਾਨਣ 'ਚ ਪਿਛੇ ਹਨ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵੀ ਪੂਰੀ ਤਰ੍ਹਾਂ ਸਰਗਰਮ ਹੈ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਦਾਇਤਾਂ ਵੀ ਕੀਤੀਆਂ ਜਾ ਚੁੱਕੀਆਂ ਹਨ।
ਇਸ ਨੂੰ ਲੈਕੇ ਫਿਰੋਜ਼ਪੁਰ ਦਾ ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਚੁੱਕਿਆ ਹੈ। ਜਿਥੇ ਲੋਕਾਂ ਨੂੰ ਪਿੰਡ-ਪਿੰਡ ਜਾਕੇ ਚੋਣਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਅਤੇ ਅਪਾਹਿਜ ਲੋਕਾਂ ਲਈ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਫਿਰੋਜ਼ਪੁਰ ਨੇ ਕਿਹਾ ਕਿ ਹੁਣ ਬਜ਼ੁਰਗ ਅਤੇ ਅਪਾਹਿਜ ਲੋਕ ਘਰ ਬੈਠ ਕੇ ਹੀ ਆਪਣੀ ਵੋਟ ਪਾ ਸਕਦੇ ਹਨ।
ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਜੇਸ਼ ਧੀਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲੱਗ-ਅਲੱਗ ਮੁਹਿੰਮਾਂ ਚਲਾ ਕੇ ਜਿਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਥੇ ਹੀ ਬਜ਼ੁਰਗਾਂ ਅਤੇ ਅਪਾਹਿਜ ਲੋਕਾਂ ਲਈ ਵੀ ਵੱਖਰਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ 85 ਸਾਲ ਤੋਂ ਉੱਪਰ ਦੇ ਬਜ਼ੁਰਗ ਹਨ, ਜੋ ਤੁਰ ਫਿਰ ਨਹੀਂ ਸਕਦੇ ਜਾਂ ਫਿਰ ਜੋ ਲੋਕ ਅਪਾਹਿਜ ਹਨ। ਉਹ ਲੋਕ ਹੁਣ ਘਰ ਬੈਠ ਕੇ ਬੇਲਟ ਪੇਪਰ ਰਾਹੀਂ ਆਪਣੀ ਵੋਟ ਪਾ ਸਕਣਗੇ।
ਡੀਸੀ ਨੇ ਦੱਸਿਆ ਕਿ ਉਨ੍ਹਾਂ ਕੋਲ ਖਾਸ ਤੌਰ 'ਤੇ ਬੀਐਲਓ ਅਤੇ ਪੋਲਿੰਗ ਏਜੰਟ ਦੇ ਨਾਲ-ਨਾਲ ਕਰਮਚਾਰੀ ਵੀ ਹਾਜ਼ਰ ਹੋਣਗੇ ਅਤੇ ਪ੍ਰਕਿਰਿਆ ਨੂੰ ਗੁਪਤ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਹਾਲੇ ਤੱਕ ਵੋਟ ਨਹੀਂ ਬਣੀ ਉਹ ਲੋਕ 4 ਮਈ ਤੱਕ ਆਪਣੀ ਵੋਟ ਬਣਵਾ ਸਕਦੇ ਹਨ।