ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਪਿਛਲੇ ਕਈ ਮਹੀਨਿਆਂ ਤੋਂ ਸੁਰਖੀਆਂ ’ਚ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ ਸਟਾਫ਼ ਵੱਲੋਂ ਵੱਡੇ ਪੱਧਰ ’ਤੇ ਮੋਬਾਇਲ ਅਤੇ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਜਾ ਰਹੇ ਹਨ। ਬਾਹਰੋਂ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ ਅੰਦਰ ਪੈਕਟ ਸੁੱਟੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਫਿਰ ਤੋਂ ਜੇਲ੍ਹ ਅੰਦਰ 3 ਹੋਰ ਪੈਕਟ ਸੁੱਟੇ ਗਏ ਹਨ, ਜਿਨ੍ਹਾਂ ਵਿਚੋਂ ਮੋਬਾਇਲ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਵੱਲੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਵੱਲੋਂ ਭੇਜੇ ਪੱਤਰ ਦੇ ਆਧਾਰ ’ਤੇ 4 ਹਵਾਲਾਤੀਆਂ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਜੇਲ੍ਹ ਅੰਦਰ 3 ਪੈਕੇਟ ਸੁੱਟੇ, ਜਿਨ੍ਹਾਂ ਨੂੰ ਖੋਲ੍ਹ ਕੇ ਵੇਖਿਆ ਤਾਂ ਉਨ੍ਹਾਂ ’ਚੋਂ 16 ਤੰਬਾਕੂ ਦੀਆਂ ਪੁੜੀਆਂ, 20 ਸਿਗਰਟਾਂ, ਇਕ ਬੀੜੀ ਦਾ ਬੰਡਲ, ਤਿੰਨ ਮੋਬਾਇਲ ਕੀਪੈਡ, ਇਕ ਸੈਮਸੰਗ ਚਾਰਜ਼ਰ ਅਤੇ ਕਰੀਬ 160 ਗ੍ਰਾਮ ਖੁੱਲਾ ਤੰਬਾਕੂ ਬਰਾਮਦ ਹੋਇਆ।