ਢਾਕਾ (ਜਸਪ੍ਰੀਤ) : ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਦੁਰਗਾ ਪੂਜਾ ਬੁੱਧਵਾਰ ਤੋਂ ਬੰਗਲਾਦੇਸ਼ 'ਚ ਸ਼ੁਰੂ ਹੋ ਰਿਹਾ ਹੈ। ਹਾਲਾਂਕਿ ਘੱਟ ਗਿਣਤੀਆਂ ਵਿਚ ਫੈਲੇ ਤਣਾਅ ਅਤੇ ਚਿੰਤਾ ਦੇ ਵਿਚਕਾਰ, ਸਖ਼ਤ ਸੁਰੱਖਿਆ ਹੇਠ 13 ਅਕਤੂਬਰ ਤੱਕ ਚੱਲਣ ਵਾਲੀ ਦੁਰਗਾ ਪੂਜਾ ਸੁਸਤ ਨਜ਼ਰ ਆ ਰਹੀ ਹੈ ਅਤੇ ਹਿੰਦੂ ਭਾਈਚਾਰੇ 'ਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਇਸ ਦੌਰਾਨ ਕੋਈ ਜਸ਼ਨ ਨਹੀਂ ਮਨਾਇਆ ਜਾਵੇਗਾ। ਪੁਲਿਸ ਮੁਤਾਬਕ ਇਹ ਤਿਉਹਾਰ ਦੇਸ਼ ਦੇ 32,666 ਪੰਡਾਲਾਂ ਵਿੱਚ ਆਯੋਜਿਤ ਕੀਤਾ ਜਾਵੇਗਾ ਅਤੇ ਸਰਕਾਰ ਨੇ ਵਾਧੂ ਛੁੱਟੀ ਦਾ ਐਲਾਨ ਕੀਤਾ ਹੈ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਡਿਪਟੀ ਪ੍ਰੈੱਸ ਸਕੱਤਰ ਅਬੁਲ ਕਲਾਮ ਆਜ਼ਾਦ ਨੇ ਦੱਸਿਆ ਕਿ ਹੁਣ ਤੱਕ ਦੁਰਗਾ ਪੂਜਾ 'ਚ ਰਵਾਇਤੀ ਤੌਰ 'ਤੇ ਇਕ ਦਿਨ ਦੀ ਛੁੱਟੀ ਹੁੰਦੀ ਸੀ ਪਰ ਇਸ ਵਾਰ ਦੋ ਜਨਤਕ ਛੁੱਟੀਆਂ ਐਲਾਨੀਆਂ ਗਈਆਂ ਹਨ। ਇਹਨਾਂ ਨੂੰ ਵੀਕਐਂਡ ਵਿੱਚ ਜੋੜਿਆ ਗਿਆ ਹੈ, ਕੁੱਲ ਚਾਰ ਦਿਨ ਦੀ ਛੁੱਟੀ ਦਿੱਤੀ ਗਈ ਹੈ।
ਸੂਤਰਾਂ ਮੁਤਾਬਕ ਬੰਗਲਾਦੇਸ਼ ਹਿੰਦੂ ਬੋਧੀ ਕ੍ਰਿਸਚਨ ਯੂਨਿਟੀ ਕੌਂਸਲ ਦੇ ਮੈਂਬਰ ਰੰਜਨ ਕਰਮਾਕਰ ਨੇ ਕਿਹਾ ਕਿ ਇਸ ਸਾਲ ਅਸੀਂ ਸਿਰਫ ਦੁਰਗਾ ਪੂਜਾ ਹੀ ਮਨਾਵਾਂਗੇ, ਕੋਈ ਤਿਉਹਾਰ ਨਹੀਂ ਹੋਵੇਗਾ। ਜਿਸ ਦੇ ਰੋਸ ਵਜੋਂ ਹਿੰਦੂ ਭਾਈਚਾਰੇ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ। ਬੰਗਲਾਦੇਸ਼ ਪੂਜਾ ਉਤਸਵ ਪ੍ਰੀਸ਼ਦ ਦੇ ਮੁਖੀ ਬਾਸੁਦੇਵ ਧਰ ਨੇ ਕਿਹਾ ਕਿ ਭਾਈਚਾਰਾ ਸਿਰਫ਼ ਦੁਰਗਾ ਪੂਜਾ 'ਤੇ ਹੀ ਪਰੰਪਰਾਵਾਂ ਦਾ ਪਾਲਣ ਕਰੇਗਾ ਅਤੇ ਕਿਸੇ ਵੀ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਜਾਂ ਜਸ਼ਨ ਤੋਂ ਦੂਰ ਰਹੇਗਾ। ਸਮੂਹ ਪੂਜਾ ਪ੍ਰਬੰਧਕਾਂ ਨੂੰ ਸ਼ਾਂਤਮਈ ਢੰਗ ਨਾਲ ਰੋਸ ਬੈਨਰ ਦਿਖਾਉਣ ਦੀ ਅਪੀਲ ਕੀਤੀ ਗਈ ਹੈ। ਅਮਰੀਕਾ ਨੇ ਕਿਹਾ ਹੈ ਕਿ ਉਹ ਹਿੰਦੂਆਂ ਦੇ ਸਭ ਤੋਂ ਵੱਡੇ ਤਿਉਹਾਰ ਦੁਰਗਾ ਪੂਜਾ ਨੂੰ ਲੈ ਕੇ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਨੂੰ ਸੁਰੱਖਿਅਤ ਦੇਖਣਾ ਚਾਹੁੰਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਪੂਰੀ ਦੁਨੀਆ ਦੀ ਤਰ੍ਹਾਂ ਅਸੀਂ ਵੀ ਬੰਗਲਾਦੇਸ਼ 'ਚ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਹੁੰਦਾ ਦੇਖਣਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਭਾਰਤ ਨੇ ਗੁਆਂਢੀ ਦੇਸ਼ ਦੀ ਸਰਕਾਰ ਨੂੰ ਹਿੰਦੂ ਭਾਈਚਾਰੇ ਦੇ ਧਾਰਮਿਕ ਸਮਾਗਮਾਂ ਦਾ ਸ਼ਾਂਤੀਪੂਰਵਕ ਆਯੋਜਨ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ ਹੈ।