
ਨਾਭਾ (ਨੇਹਾ): ਥਾਣਾ ਸਦਰ ਨਾਭਾ ਇਲਾਕੇ ਦੇ ਪਿੰਡ ਦੁਲੱਦੀ ’ਚ ਸ਼ਰਾਬੀ ਵਿਅਕਤੀ ਨੇ ਇੱਟ ਮਾਰ ਕੇ ਆਪਣੇ ਹੀ 70 ਵਰ੍ਹਿਆਂ ਦੇ ਪਿਤਾ ਦੀ ਹੱਤਿਆ ਕਰ ਦਿੱਤੀ। ਘਟਨਾ ਐਤਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। 70 ਸਾਲਾ ਸਾਹਿਬ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਮਗਰੋਂ ਕੁਲਦੀਪ ਸਿੰਘ (45) ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਸਦਰ ਨਾਭਾ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਮਰਾਓ ਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈਣ ਮਗਰੋਂ ਹਸਪਤਾਲ ’ਚ ਭਿਜਵਾ ਦਿੱਤਾ ਹੈ। ਸੋਮਵਾਰ ਨੂੰ ਪੋਸਟਮਾਰਟਮ ਮਗਰੋਂ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ। ਮੁਲਜ਼ਮ ਖ਼ਿਲਾਫ਼ ਹੱਤਿਆ ਦਾ ਮਮਾਮਲਾ ਦਰਜ ਕਰ ਲਿਆ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮ ਛਾਪਾਮਾਰੀ ਕਰ ਰਹੀ ਹੈ।
ਥਾਣਾ ਮੁਖੀ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮ੍ਰਿਤਕ ਦੇ ਛੋਟੇ ਭਰਾ ਰਾਜ ਸਿੰਘ ਨੇ ਦੱਸਿਆ ਕਿ ਸਾਹਿਬ ਸਿੰਘ ਤੇ ਉਨ੍ਹਾਂ ਦਾ 45 ਵਰ੍ਹਿਆਂ ਦਾ ਪੁੱਤਰ ਕੁਲਦੀਪ ਸਿੰਘ ਪਿੰਡ ਦੇ ਹੀ ਕੋਲ ਇਕ ਫੈਕਟਰੀ ’ਚ ਕੰਮ ਕਰਦੇ ਹਨ। ਮੁਲਜ਼ਮ ਕੁਲਦੀਪ ਸਿੰਘ ਸ਼ਰਾਬ ਪੀਣ ਦਾ ਆਦੀ ਹੈ। ਇਸ ਕਾਰਨ ਅਕਸਰ ਹੀ ਘਰ ’ਚ ਝਗੜਾ ਰਹਿੰਦਾ ਸੀ। ਐਤਵਾਰ ਸ਼ਾਮ ਲਗਪਗ ਸੱਤ ਵਜੇ ਪਿਓ-ਪੁੱਤ ਵਿਚਾਲੇ ਝਗੜਾ ਹੋ ਗਿਆ ਸੀ। ਮੁਲਜ਼ਮ ਕੁਲਦੀਪ ਸ਼ਰਾਬ ਦੇ ਨਸ਼ੇ ’ਚ ਸੀ ਤੇ ਪਿਤਾ ਨਾਲ ਝਗੜਾ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਆਪਣੇ ਪਿਤਾ ’ਤੇ ਇੱਟ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਸਿਰ ’ਤੇ ਲੱਗੀ ਸੱਟ ਕਾਰਨ ਸਾਹਿਬ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।