ਨਿਊਜ਼ ਡੈਸਕ : ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਬੁੱਧਵਾਰ ਨੂੰ ਇਕ ਵਾਰ ਫਿਰ 80 ਪੈਸੇ ਪ੍ਰਤੀ ਲੀਟਰ ਵਧ ਗਈਆਂ ਹਨ। ਇਸ ਵਾਧੇ ਤੋਂ ਬਾਅਦ 16 ਦਿਨ 'ਚ ਪੈਟਰੋਲ-ਡੀਜ਼ਲ ਦੀ ਕੀਮਤ 'ਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾ ਚੁੱਕਾ ਹੈ। ਕੌਮਾਂਤਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 104.61 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 105.41 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 95.87 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 96.67 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਤੋਂ ਇਲਾਵਾ ਮੁੰਬਈ 'ਚ ਹੁਣ ਪੈਟਰੋਲ ਦੀ ਕੀਮਤ 120.51 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 104.77 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉਧਰ ਅੱਜ ਇਕ ਵਾਰ ਫਿਰ ਸੀ.ਐੱਨ.ਜੀ. ਦੀਆਂ ਕੀਮਤਾਂ 'ਚ ਵੀ ਢਾਈ ਰੁਪਏ ਦਾ ਵਾਧਾ ਕੀਤਾ ਗਿਆ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਦੇਸ਼ ਭਰ 'ਚ ਵਾਧਾ ਕੀਤਾ ਗਿਆ ਹੈ ਪਰ ਇਸ ਦੇ ਭਾਅ ਸਥਾਨਕ ਟੈਕਸ ਦੇ ਆਧਾਰ 'ਤੇ ਵੱਖ-ਵੱਖ ਸੂਬਿਆਂ 'ਚ ਭਿੰਨ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਰੀਬ 137 ਦਿਨ ਤੱਕ ਸਥਿਰ ਰਹਿਣ ਤੋਂ ਬਾਅਦ 22 ਮਾਰਚ ਨੂੰ ਵਧਾਈਆਂ ਗਈਆਂ ਸਨ। ਉਦੋਂ ਤੋਂ 14ਵੀਂ ਵਾਰ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਬੀਤੇ ਦੋ ਹਫ਼ਤਿਆਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੁੱਲ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।