ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਕਦਮ ਪ੍ਰਵਾਸੀਆਂ ਨੂੰ ਰੋਕਣ ਲਈ ਚੁੱਕੇ ਜਾਣ ਵਾਲੇ ਸਖਤ ਕਦਮਾਂ ਵਿਚੋਂ ਇਕ ਹੈ। ਟਰੰਪ ਨੇ ਅਮਰੀਕੀ ਸਰਹੱਦ 'ਤੇ ਪ੍ਰਵਾਸੀਆਂ ਨੂੰ ਰੋਕਣ ਲਈ ਤਿੰਨ ਲਾਤਿਨ ਅਮਰੀਕੀ ਦੇਸ਼ਾਂ ਦੀ 50 ਕਰੋੜ ਡਾਲਰ ਦੀ ਮਦਦ ਬੰਦ ਕਰਨ ਦਾ ਫੈਸਲਾ ਲਿਆ ਹੈ। ਅਮਰੀਕੀ ਸਰਹੱਦ 'ਤੇ ਪ੍ਰਵਾਸੀਆਂ ਦੇ ਵਾਧੇ ਨੂੰ ਲੈ ਕੇ ਅਮਰੀਕਾ ਦਾ ਮੈਕਸੀਕੋ ਅਤੇ ਮੱਧ ਅਮਰੀਕਾ ਦੇ ਨਾਲ ਤਣਾਅ ਪਹਿਲਾਂ ਤੋਂ ਹੀ ਬਣਿਆ ਹੋਇਆ ਹੈ।
ਇਹ ਚਿਤਾਵਨੀ ਟਰੰਪ ਪਹਿਲਾਂ ਹੀ ਦੇ ਚੁੱਕੇ ਹਨ ਕਿ ਜੇਕਰ ਮੈਕਸੀਕੋ ਉੱਤਰ ਵੱਲੋਂ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਲਈ ਕਦਮ ਨਹੀਂ ਚੁੱਕਦਾ ਹੈ ਤਾਂ ਉਹ ਆਉਣ ਵਾਲੇ ਹਫਤੇ ਵਿਚ ਅਮਰੀਕੀ-ਮੈਕਸੀਕੋ ਸਰਹੱਦ ਜਾਂ ਘੱਟੋਂ-ਘੱਟ ਇਸ ਦੇ ਵੱਡੇ ਹਿੱਸਿਆਂ ਨੂੰ ਬੰਦ ਕਰ ਸਕਦੇ ਹਨ। ਟਰੰਪ ਨੇ ਫਲੋਰੀਡਾ ਦੀ ਯਾਤਰਾ ਦੌਰਾਨ ਪੱਤਰਕਾਰਾਂ ਨੂੰ ਕਿਹਾ,''ਮੈਂ ਐੱਲ ਸਲਵਾਡੋਰ, ਗੁਆਟੇਮਾਲਾ ਅਤੇ ਹੋਂਡੁਰਾਸ ਨੂੰ ਦਿੱਤੀ ਜਾਣ ਵਾਲੀ ਮਦਦ ਰਾਸ਼ੀ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ ਹੈ। ਅਸੀਂ ਉਨ੍ਹਾਂ ਨੂੰ 50 ਕਰੋੜ ਡਾਲਰ ਦੇ ਰਹੇ ਹਾਂ। ਇਹ ਭਾਰੀ ਰਾਸ਼ੀ ਸੀ। ਅਸੀਂ ਉਨ੍ਹਾਂ ਨੂੰ ਹੋਰ ਮਦਦ ਰਾਸ਼ੀ ਨਹੀਂ ਦੇਵਾਂਗੇ ਕਿਉਂਕਿ ਉਨ੍ਹਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਹੈ।''