
ਚੰਡੀਗੜ੍ਹ (ਨੇਹਾ): ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਪੰਜਾਬ ਪੁਲਿਸ ਦੁਆਰਾ ਕੇਸ ਦਰਜ਼ ਕੀਤੇ ਜਾਣ ਬਾਅਦ ਖਿੱਲਰੀ ਹੋਈ ਕਾਂਗਰਸ ਇਕਜੁੱਟ ਹੋ ਗਈ ਹੈ। ਕਾਂਗਰਸੀ ਆਗੂਆਂ ਦਾ ਸਰਕਾਰ ਪ੍ਰਤੀ ਰਵੱਈਆ ਹਮਲਾਵਰ ਹੋ ਗਿਆ ਹੈ। ਹਾਲਾਂਕਿ ਪਹਿਲਾਂ ਵੀ ਕੁੱਝ ਕੁ ਕਾਂਗਰਸੀ ਆਗੂ ਜਾਂ ਵਿਧਾਇਕ ਸਰਕਾਰ ਦੀ ਨੁਕਤਾਚੀਨੀ ਕਰਦੇ ਸਨ, ਪਰ ਪਿਛਲੇ ਦੋ-ਤਿੰਨ ਦਿਨਾਂ ਤੋ ਕਾਂਗਰਸ ਦੇ ਸੀਨੀਅਰ ਆਗੂ ਤੋਂ ਲੈ ਕੇ ਹੇਠਲੇ ਪੱਧਰ ਦੇ ਆਗੂਆਂ ਨੇ ਸਰਕਾਰ ਦੇ ਖਿਲਾਫ਼ ਆਵਾਜ ਬੁਲੰਦ ਕੀਤੀ ਹੈ। ਬਾਜਵਾ ਖਿਲਾਫ਼ ਦਰਜ਼ ਹੋਈ ਐੱਫਆਈਆਰ ਨੇ ਕਾਂਗਰਸ ਲਈ ਇਕ ਤਰ੍ਹਾਂ ਨਾਲ ਸੰਜੀਵਨੀ ਬੂਟੀ ਦਾ ਕੰਮ ਕੀਤਾ ਹੈ। ਪੰਜਾਬ ਕਾਂਗਰਸ ਨੇ ਦੋ ਦਿਨਾਂ ਦਰਮਿਆਨ ਚੰਡੀਗੜ੍ਹ ਵਿਖੇ ਦੋ ਵੱਡੇ ਰੋਸ ਪ੍ਰਦਰਸ਼ਨ ਕੀਤੇ ਹਨ। ਇਹੀ ਨਹੀ ਮੰਗਲਵਾਰ ਨੂੰ ਬਾਜਵਾ ਦੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਵਿਚ ਪੇਸ਼ ਹੋਣ ਮੌਕੇ ਕਾਂਗਰਸੀ ਆਗੂ ਤੇ ਵਰਕਰ ਰਿਹਾਅ ਹੋਣ ਤੱਕ ਥਾਣੇ ਦੇ ਬਾਹਰ ਬੈਠੇ ਰਹੇ। ਇਸੇ ਤਰ੍ਹਾਂ ਬੁੱਧਵਾਰ ਨੂੰ (16 ਅਪ੍ਰੈਲ) ਨੂੰ ਸੈਕਟਰ 9 ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਫ਼ਤਰ ਦੇ ਬਾਹਰ ਧਰਨਾ ਦਿੱਤਾ।
ਹਾਲਾਂਕਿ ਸੂਬਾ ਕਾਂਗਰਸ ਕਮੇਟੀ ਪਹਿਲਾਂ ਵੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਕਹਿਣ 'ਤੇ ਧਰਨਾ ਦਿੰਦੀ ਰਹੀ ਹੈ, ਪਰ ਬੁੱਧਵਾਰ ਨੂੰ ਦਿੱਤੇ ਗਏ ਧਰਨੇ ਵਿਚ ਵਰਕਰ ਘੱਟ ਅਤੇ ਸੀਨੀਅਰ ਆਗੂ ਜ਼ਿਆਦਾ ਹਾਜ਼ਰ ਸਨ। ਜਦੋਂ ਕਿ ਪਹਿਲਾਂ ਸਿਆਸਤਦਾਨ ਘੱਟ ਅਤੇ ਵਰਕਰ ਜ਼ਿਆਦਾ ਹੁੰਦੇ ਸਨ।ਪਿਛਲੇ ਤਿੰਨ ਸਾਲਾਂ ਦੌਰਾਨ ਕਾਂਗਰਸ ਦੇ ਇੱਕ ਦਰਜਨ ਤੋਂ ਵੱਧ ਕਾਂਗਰਸੀ ਨੇਤਾਵਾਂ, ਵਰਕਰਾਂ ਵਿਰੁੱਧ ਕੇਸ ਦਰਜ਼ ਹੋਏ ਹਨ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਵਿਰੁੱਧ ਵਿਜੀਲੈਂਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ, ਹਾਈ ਕੋਰਟ ਨੇ ਬਹੁਤ ਸਖ਼ਤ ਟਿੱਪਣੀਆਂ ਕੀਤੀਆਂ ਅਤੇ ਐਫਆਈਆਰ ਨੂੰ ਹੀ ਖਾਰਜ ਕਰ ਦਿੱਤਾ। ਇਸ ਦੇ ਬਾਵਜੂਦ, ਕਾਂਗਰਸ ਕਦੇ ਵੀ ਇੱਕਜੁੱਟ ਨਹੀਂ ਹੋ ਸਕੀ।
ਬਾਜਵਾ ਵਿਰੁੱਧ ਐਫਆਈਆਰ ਦਰਜ ਹੋਣ ਤੋਂ ਬਾਅਦ ਪੂਰੀ ਕਾਂਗਰਸ ਇੱਕਜੁੱਟ ਦਿਖਾਈ ਦਿੱਤੀ। ਕਾਂਗਰਸੀ ਆਗੂਆਂ ਵਲੋ ਦਿਖਾਏ ਗਏ ਪ੍ਰਗਟਾਵੇ ’ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕਹਿਣਾ ਪਿਆ ਕਿ ਜਦੋਂ ਉਹ ਪਹਿਲੀ ਵਾਰ ਇਕੱਠੇ ਹੋਏ ਹਨ ਤਾਂ ਨਤੀਜੇ ਸਾਹਮਣੇ ਆ ਗਏ ਹਨ। ਏਕਤਾ ਵਿਚ ਬਹੁਤ ਤਾਕਤ ਹੁੰਦੀ ਹੈ। ਬਾਜਵਾ ਨੇ ਇਹ ਟਿੱਪਣੀ ਮੰਗਲਵਾਰ ਨੂੰ ਸਾਈਬਰ ਪੁਲਿਸ ਸਟੇਸ਼ਨ ਦੇ ਬਾਹਰ ਕੀਤੀ ਸੀ, ਜਦੋਂ ਉਹ ਪੁਲਿਸ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਬਾਹਰ ਆਏ ਸਨ।
ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਨ ਨੇ ਮੰਗਲਵਾਰ ਰਾਤ ਸਾਢੇ ਦਸ ਵਜੇ ਸੁਨੇਹਾ ਦਿੱਤਾ ਕਿ ਬੁੱਧਵਾਰ ਨੂੰ ਈਡੀ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇ। ਦੱਸਿਆ ਜਾਂਦਾ ਹੈ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੇਰਲਾ ਜਾਣਾ ਸੀ ਪਰ ਉਨ੍ਹਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ। ਦੇਰ ਰਾਤ ਨੂੰ, ਪਾਰਟੀ ਆਗੂਆਂ ਨੂੰ ਵਿਰੋਧ ਪ੍ਰਦਰਸ਼ਨ ਲਈ ਦੁਬਾਰਾ ਸੱਦਾ ਪੱਤਰ ਭੇਜੇ ਗਏ। ਹਾਲਾਂਕਿ, ਪਾਰਟੀ ਨੂੰ ਵੀ ਇੰਨੇ ਵੱਡੇ ਪੱਧਰ 'ਤੇ ਨੇਤਾਵਾਂ ਦੇ ਆਉਣ ਦੀ ਉਮੀਦ ਨਹੀਂ ਸੀ ਕਿਉਂਕਿ ਇੱਕ ਦਿਨ ਪਹਿਲਾਂ ਹੀ ਪਾਰਟੀ ਨੇ ਮੋਹਾਲੀ ਵਿਚ ਲਗਭਗ ਛੇ ਘੰਟੇ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਰਾਜਾ ਵੜਿੰਗ ਦਾ ਕਹਿਣਾ ਹੈ ਕਿ ਵਿਰੋਧ ਪ੍ਰਦਰਸ਼ਨਾਂ ਵਿਚ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਪਹੁੰਚੇ ਹਨ ,ਇਹ ਸ਼ੁਭ ਸੰਕੇਤ ਹਨ। ਗੁਰਦਾਸਪੁਰ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਇੱਕਜੁੱਟ ਹੈ। ਆਮ ਆਦਮੀ ਪਾਰਟੀ ਨੇ ਆਪਣੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਸਰਕਾਰ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਕਾਂਗਰਸ ਇਸ ਏਕਤਾ ਨੂੰ 2027 ਲਈ ਸ਼ੁਭ ਮੰਨ ਰਹੀ ਹੈ। ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਕਾਂਗਰਸੀ ਵਿਹਲੇ ਹੁੰਦੇ ਹਨ ਉਦੋਂ ਆਪਸ ਵਿਚ ਲੜ ਲੈਂਦੇ ਹਨ ਜਦੋਂ ਕੋਈ ਬਾਹਰਲਾ ਹਮਲਾ ਕਰੇ ਤਾਂ ਕਾਂਗਰਸੀ ਇਕਜੁੱਟ ਹੋ ਜਾਂਦੇ ਹਨ।