ਜਲੰਧਰ (ਜਸਕਮਲ) : ਪੰਜਾਬ 'ਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੇਅਦਬੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਕੈਂਟ ਤੋਂ ਸਾਹਮਣੇ ਆਇਆ ਹੈ, ਜਿਥੇ ਅਣਪਛਾਤਿਆਂ ਵੱਲੋਂ ਸ਼ਿਵ ਮੰਦਰ ਵਿਖੇ ਬੇਅਦਬੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਰਾਮ ਬਾਗ ਰਹਿਮਾਨਪੁਰ ਦੇ ਪ੍ਰਾਚੀਨ ਸ਼ਿਵ ਮੰਦਰ ਚ ਪਵਿੱਤਰ ਸ਼ਿਵਲਿੰਗ ਦੀ ਬੇਅਦਬੀ ਕੀਤੀ ਗਈ ਹੈ। ਕੁਝ ਅਣਪਛਾਤੇ ਵਿਅਕਤੀ ਸ਼ਿਵ ਮੰਦਰ ਚੋਂ ਸ਼ਿਵਲਿੰਗ ਹੀ ਚੁੱਕ ਕੇ ਲੈ ਗਏ। ਇਹ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮੰਦਰ ਦੇ ਖਜ਼ਾਨਚੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਮੰਦਰ ਚ ਬਤੌਰ ਖਜ਼ਾਨਚੀ ਵਜੋਂ ਕੰਮ ਕਰਦਾ ਹੈ ਤੇ ਦੇਖਭਾਲ ਦੇ ਨਾਲ-ਨਾਲ ਮੁੱਖ ਸੇਵਾਦਾਰ ਵੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਵਾਂਗ ਬੀਤੀ ਰਾਤ ਉਹ ਮੰਦਰ ਤੋਂ ਘਰ ਚਲਾ ਗਿਆ ਤੇ ਮੰਦਰ ਰਾਤ ਸਮੇਂ ਵੀ ਖੁੱਲ੍ਹਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਮੰਦਰ ਚ ਕੋਈ ਤਾਲਾ ਨਹੀਂ ਲੱਗਾ ਸੀ। ਸਵੇਰੇ ਜਦੋਂ 5:30 ਦੇ ਕਰੀਬ ਮੰਦਰ ਪਹੁੰਚੇ ਤਾਂ ਦੇਖਿਆ ਮੰਦਰ ਚੋਂ ਸ਼ਿਵਲਿੰਗ ਸਮੇਤ ਚਾਂਦੀ ਦੇ ਗਹਿਣੇ ਵੀ ਚੋਰੀ ਹੋ ਗਏ ਹਨ। ਇਸ ਘਟਨਾ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
by jaskamal