ਨਿਊਜ਼ ਡੈਸਕ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੀਆਂਵਾਲੀ ਜ਼ਿਲ੍ਹੇ 'ਚ ਇਕ 7 ਦਿਨਾਂ ਦੀ ਬੱਚੀ ਨੂੰ ਉਸ ਦੇ ਪਿਤਾ ਸ਼ਾਹਜ਼ੇਬ ਵੱਲੋਂ ਸਿਰਫ਼ ਇਸ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਕਿਉਂਕਿ ਉਸ ਦਾ ਪਹਿਲਾ ਬੱਚਾ ਪੁੱਤਰ ਦੀ ਬਜਾਏ ਇਕ ਧੀ ਸੀ। ARY ਨਿਊਜ਼ ਦੀ ਰਿਪੋਰਟ ਮੁਤਾਬਕ ਜ਼ਾਲਮ ਪਿਤਾ ਨੇ ਆਪਣੇ ਬੱਚੀ ਨੂੰ 5 ਵਾਰ ਗੋਲੀ ਮਾਰੀ। ਇਹ ਖ਼ਬਰ ਸੋਸ਼ਲ ਮੀਡੀਆ 'ਤੇ ਵੀ ਬਹੁਤ ਵਾਇਰਲ ਹੋ ਰਹੀ ਹੈ।
ਇੰਸਪੈਕਟਰ ਜਨਰਲ (ਆਈਜੀ) ਪੰਜਾਬ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਖੇਤਰੀ ਪੁਲਸ ਅਧਿਕਾਰੀ (ਆਰਪੀਓ) ਸਰਗੋਧਾ ਤੋਂ ਘਟਨਾ ਦੀ ਰਿਪੋਰਟ ਤਲਬ ਕੀਤੀ ਹੈ। ਆਈਜੀ ਨੇ ਜ਼ਾਲਮ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ। ਆਈਜੀ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੇ ਹੁਕਮ ਵੀ ਦਿੱਤੇ ਹਨ। ਸ਼ੁਰੂਆਤੀ ਜਾਂਚ 'ਚ ਹਸਪਤਾਲ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪਿਤਾ ਧੀ ਦੇ ਜਨਮ ਤੋਂ ਹੀ ਕਾਫ਼ੀ ਗੁੱਸੇ 'ਚ ਸੀ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ। ਹਾਲਾਂਕਿ ਪੁਲਸ ਉਸ ਨੂੰ ਫੜਨ ਲਈ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।