ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੈਨੇਡਾ ਸੰਸਦ ਵਿਚ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਰੂਬੀ ਸਹੋਤਾ ਅਤੇ ਰਣਦੀਪ ਸਰਾਏ ਵੱਲੋਂ ਟੋਰਾਂਟੋ-ਅੰਮ੍ਰਿਤਸਰ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੀ ਕੀਤੀ ਮੰਗ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕੈਨੇਡਾ ਸੰਸਦ ਵਿਚ ਇਹ ਮੰਗ ਉੱਠਣ ਨਾਲ ਬਹੁਤ ਜਲਦ ਇਸ ਹਵਾਈ ਸੇਵਾ ਪੰਜਾਬੀਆਂ ਤੇ ਕੈਨੇਡੀਅਨ ਦੇ ਸਫਰ ਦਾ ਗਵਾਹ ਬਣਨ ਜਾ ਰਹੀ ਹੈ। ਇਸ ਦੇ ਨਾਲ ਹੀ ਸ. ਔਜਲਾ ਨੇ ਕਿਹਾ ਕਿ ਉਹ ਇਸ ਉਡਾਣ ਨੂੰ ਜਲਦ ਸ਼ੁਰੂ ਕਰਵਾਉਣ ਲਈ ਭਾਰਤ ਦੇ ਨਵੇਂ ਸ਼ਹਿਰੀ ਹਵਾਬਾਜ਼ੀ ਮੰਤਰੀ ਸਮੇਤ ਏਅਰ ਇੰਡੀਆ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਨਗੇ।
ਔਜਲਾ ਨੇ ਕਿਹਾ ਕਿ ਟੋਰਾਂਟੋ-ਅੰਮ੍ਰਿਤਸਰ ਸਿੱਧੀ ਹਵਾਈ ਸੇਵਾ ਸ਼ੁਰੂ ਹੋਣ ਦਾ ਸਿੱਧਾ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਜਿੰਨਾਂ ਦੀਆਂ ਸਬਜ਼ੀਆਂ, ਫਲ, ਫੁੱਲ ਤੇ ਦੁੱਧ ਕੈਨੇਡਾ ਦੀ ਮਾਰਕੀਟ ਵਿਚ ਵੱਧ ਰੇਟ 'ਤੇ ਵਿਕਣਗੇ। ਔਜਲਾ ਨੇ ਟੋਰਾਂਟੋ-ਅੰਮ੍ਰਿਤਸਰ ਉਡਾਣ ਸੰਬੰਧੀ ਮੰਗ ਨੂੰ ਉਠਾਉਣ ਵਿਚ 'ਫਲਾਈ ਅੰਮ੍ਰਿਤਸਰ ਮੁਹਿੰਮ' ਦੇ ਉੱਤਰੀ ਅਮਰੀਕਾ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ, ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।