ਬੁਢਲਾਡਾ (ਕਰਨ) - ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਦੇਸ਼ ਵਿਆਪੀ ਸਾਂਝੇ ਮੰਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀਬਾੜੀ ਦੇ ਧੰਦੇ ਨੂੰ ਤਬਾਹ ਕਰਨ ਵਾਲੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਰੰਭੇ ਸੰਘਰਸ ਤਹਿਤ ਘਿਰਾਓਰੂਪੀ ਧਰਨਾ 240 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕਿਸਾਨਾਂ ਨੇ ਨੰਗੇ ਧੜ ਹੋਕੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਅੱਜ ਦੇ ਧਰਨੇ ਨੂੰ ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ ਦਲਿਓ ਐਡਵੋਕੇਟ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ , ਪੰਜਾਬ ਕਿਸਾਨ ਪੰਜਾਬ ਦੇ ਜ਼ਿਲਾ ਆਗੂ ਸਵਰਨ ਸਿੰਘ ਬੋੜਾਵਾਲ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਗੁਰਨੇ ਕਲਾਂ ਨੇ ਸੰਬੋਧਨ ਕੀਤਾ। ਕਿਸਾਨ ਆਗੂਆਂ ਕਿ ਇੰਨਾਂ ਕਾਨੂੰਨਾਂ ਦੇ ਅਮਲ ਵਿੱਚ ਆਉਣ ਨਾਲ ਸਰਕਾਰੀ ਖਰੀਦ ਪ੍ਰਣਾਲੀ ਖਤਮ ਹੋ ਜਾਵੇਗੀ । ਜਿਸ ਕਾਰਨ ਕੇਂਦਰ ਦੁਆਰਾ ਮਿੱਥੀ ਖੇਤੀ ਜਿਣਸਾਂ ਦੀ ਘੱਟੋ ਘੱਟ ਸਹਾਇਕ ਕੀਮਤ (ਐਮ ਐਸ ਪੀ) ਬੇਮਾਇਨੇ ਹੋ ਕੇ ਰਹਿ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਅਜਿਹਾ ਹੋਣ ਨਾਲ ਖੇਤੀ ਜਿਣਸਾਂ ਦੀ ਖਰੀਦੋ-ਫਰੋਖਤ ਵੱਡੇ ਵੱਡੇ ਸਰਮਾਏਦਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਰਹਿਮੋ-ਕਰਮ 'ਤੇ ਹੋ ਜਾਵੇਗੀ ਅਤੇ ਉਹ ਮਨਮਰਜ਼ੀ ਦੀ ਕੀਮਤ ਉੱਤੇ ਕਿਸਾਨੀ ਜਿਣਸਾਂ ਖਰੀਦਣਗੇ। ਆਗੂਆਂ ਨੇ ਕਿਹਾ ਕਿ ਫਿਰ ਇਹੀ ਘਰਾਣੇ ਖੇਤੀ ਜਿਣਸਾਂ ਦੀ ਜਮਾਂਖੋਰੀ ਕਰਨਗੇ ਅਤੇ ਬਨਾਉਟੀ ਥੁੜ ਪੈਦਾ ਕਰਕੇ ਮਨਮਰਜ਼ੀ ਦੇ ਭਾਅ ਉੱਤੇ ਵੇਚਣਗੇ। ਇਸ ਤਰ੍ਹਾਂ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਦੋ ਡੰਗ ਦੀ ਰੋਟੀ ਖਾਣੀ ਮੁਸ਼ਕਿਲ ਹੋ ਜਾਵੇਗੀ। ਦੇਸ਼ ਅੰਦਰ ਭੁੱਖਮਰੀ ਹੋਰ ਤੇਜੀ ਨਾਲ ਵਧੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਕਿਸਾਨ ਜਥੇਬੰਦੀਆਂ ਦਾ ਇਸ ਅੰਦੋਲਨ ਦਾ ਮੁੱਖ ਮਕਸਦ ਇਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਵਾਉਣਾ ਹੈ। ਇਸ ਤੋਂ ਘੱਟ ਕੁੱਝ ਵੀ ਮੰਨਜੂਰ ਨਹੀਂ ।
ਫੋਟੋ: ਬੁਢਲਾਡਾ: ਨੰਗੇ ਧੜ ਹੋ ਕੇ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ