ਜਲੰਧਰ (ਦੇਵ ਇੰਦਰਜੀਤ) : ਕੋਰੋਨਾ ਵਾਇਰਸ ਦੇ ਚਲਦਿਆਂ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਿੱਥੇ ਨਵੀਆਂ ਪਾਬੰਦੀਆਂ ਦੀਆਂ ਹਦਾਇਤਾਂ ਦਿੱਤੀਆਂ ਹਨ, ਉਥੇ ਹੀ ਜ਼ਿਲ੍ਹੇ ਵਿਚ ਕੁਝ ਰਾਹਤ ਵੀ ਦਿੱਤੀ ਹੈ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਗਾਈਡਲਾਈਨਜ਼ ਮੁਤਾਬਕ ਜੇਕਰ ਕੋਈ ਵਿਅਕਤੀ ਬਾਹਰੋਂ ਮਤਲਬ ਹੋਰ ਸੂਬਿਆਂ ਵਿਚੋਂ ਜਲੰਧਰ ਅੰਦਰ ਦਾਖ਼ਲ ਹੁੰਦਾ ਹੈ ਤਾਂ ਉਸ ਕੋਲ ਆਰ. ਟੀ. ਪੀ. ਸੀ. ਆਰ. ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੈ, ਜਾਂ ਉਸ ਦੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਚਾਹੀਦੀਆਂ ਹਨ।
ਡੀ.ਸੀ. ਨੇ ਜਿੰਮ, ਕੋਚਿੰਗ ਸੈਂਟਰ. ਹੋਟਲ-ਰੈਸਟੋਰੈਂਟਾਂ ਸਮੇਤ ਕਈ ਥਾਵਾਂ ’ਤੇ 50 ਫ਼ੀਸਦੀ ਤੱਕ ਦੀ ਕੈਪੇਸਿਟੀ ਰੱਖੀ ਹੈ। ਇਨ੍ਹਾਂ ਥਾਵਾਂ ’ਤੇ 50 ਫ਼ੀਸਦੀ ਤੱਕ ਲੋਕ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਸਾਰੇ ਕਰਮਚਾਰੀਆਂ ਨੂੰ ਕੋਵਿਡ ਦੀਆਂ ਦੋਵੇਂ ਡੋਜ਼ਾਂ ਲੱਗਣੀਆਂ ਜ਼ਰੂਰੀ ਹਨ।
ਇਨਡੋਰ ’ਚ ਜੇਕਰ ਕੋਈ ਵੀ ਪ੍ਰੋਗਰਾਮ ਕਰਨਾ ਹੈ ਤਾਂ ਉਸ ਦੇ ਲਈ 150 ਵਿਅਕਤੀ ਅਤੇ ਆਊਟਡੋਰ ਵਿਚ ਕੀਤੇ ਜਾਣ ਪ੍ਰੋਗਰਾਮਾਂ ਵਿਚ 300 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਇਜ਼ਾਦਤ ਦਿੱਤੀ ਗਈ ਹੈ।
ਕਾਲਜ, ਕੋਚਿੰਗ ਸੈਂਟਰ ਅਤੇ ਉੱਚ ਸਿੱਖਿਆ ਦੀਆਂ ਸਾਰੀਆਂ ਸੰਸਥਾਵਾਂ ਨੂੰ ਸ਼ਰਤ ’ਤੇ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਵੀ ਕੋਰੋਨਾ ਦੀ ਵੈਕਸੀਨ ਲੱਗੀ ਹੋਵੇ।
ਡੀ.ਸੀ. ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਦੀ ਪਾਲਣਾ ਕਰਨ ਵਾਲੇ ਵਿਅਕਤੀਆਂ, ਸੰਸਥਾਵਾਂ ਅਤੇ ਮਾਸਕ ਨਾ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਵੀ ਆਦੇਸ਼ ਦਿੱਤੇ ਗਏ ਹਨ।