ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਡਿਪੋਰਟ ਹੋਏ ਪੰਜਾਬੀ ਵਿਦਿਆਰਥੀਆਂ ਵਲੋਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਏਅਰਪੋਰਟ ਰੋਡ ਮਿਸੀਸਾਗਾ ਵਿਖੇ ਪੱਕਾ ਮੋਰਚਾ ਲਾਇਆ ਗਿਆ ਹੈ। ਦੱਸ ਦਈਏ ਕਿ ਸਟੱਡੀ ਵੀਜ਼ਾ 'ਤੇ ਗਏ ਪੰਜਾਬੀ ਵਿਦਿਆਰਥੀਆਂ ਦੇ ਜਾਅਲੀ ਦਸਤਾਵੇਜ਼ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਕੈਨੇਡਾ 'ਚੋ ਡਿਪੋਰਟ ਕੀਤਾ ਗਿਆ । ਉੱਥੇ ਹੀ ਵਿਦਿਆਰਥੀਆਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।
ਦੱਸਣਯੋਗ ਹੈ ਕਿ ਓਟਾਰੀਓ ਸਥਿਤ ਹੰਬਰ ਕਾਲਜ ਦੇ ਜਾਅਲੀ ਦਸਤਾਵੇਜ ਦੇ ਕੇ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਾ ਐਜੂਕੇਸ਼ਨ ਮਾਈਗ੍ਰੇਸ਼ਨ ਜਲੰਧਰ ਦਾ ਮਾਲਕ ਬ੍ਰਿਜੇਸ਼ ਮਿਸ਼ਰਾ ਹਾਲੇ ਪੁਲਿਸ ਅੜਿੱਕੇ ਨਹੀ ਆਇਆ ਹੈ ।ਪੁਲਿਸ ਅਧਿਕਾਰੀਆਂ ਅਨੁਸਾਰ ਉਹ ਇੱਥੇ ਨਹੀ ਹੈ... ਵਿਦੇਸ਼ ਭੱਜ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਉਨ੍ਹਾਂ ਨੂੰ ਬ੍ਰਿਜੇਸ਼ ਮਿਸ਼ਰਾ ਵਲੋਂ 2017 ਤੋਂ 2019 ਤੱਕ ਲੱਖਾਂ ਰੁਪਏ ਲੈ ਕੇ ਫਰਜ਼ੀ ਦਸਤਾਵੇਜ਼ਾਂ 'ਤੇ ਕੈਨੇਡਾ ਭੇਜਿਆ ਗਿਆ ਸੀ ਪਰ ਜਦੋ ਉਹ ਵਿਦਿਆਰਥੀ ਕਾਲਜ ਗਏ ਤਾਂ ਉਨ੍ਹਾਂ ਦੀ ਫੀਸ ਕਾਲਜ ਤੱਕ ਨਹੀ ਪਹੁੰਚੀ ਸੀ, ਜਦੋ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਸਾਰੇ ਜਾਅਲੀ ਪਾਏ ਗਏ ।