ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਦਿੱਲੀ ਦੇ ਸਿੱਖਾਂ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲਬਣਾਉਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਪਾਰਟੀ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਾਸਤੇ ਪੰਥਕ ਰਵਾਇਤਾਂ ਮੁਤਾਬਕ ਕੰਮ ਕਰੇਗੀ। ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਐੱਮ. ਪੀ. ਐੱਸ. ਚੱਢਾ ਪਾਰਟੀ ਦੇ ਪ੍ਰਧਾਨ ਚੁਣੇ ਗਏ ਹਨ ਜਦਕਿ ਸੀਨੀਅਰ ਆਗੂ ਭਜਨ ਸਿੰਘ ਵਾਲੀਆ ਅਤੇ ਹਰਵਿੰਦਰ ਸਿੰਘ ਕੇ. ਪੀ. ਨੂੰ ਪਾਰਟੀ ਦੇ ਸਰਪ੍ਰਸਤ ਚੁਣਿਆ ਗਿਆ ਹੈ।
ਕਾਲਕਾ ਨੇ ਦੱਸਿਆ ਕਿ ਪਾਰਟੀ ਦੀ ਕੋਰ ਕਮੇਟੀ ਸਮੇਤ ਜਥੇਬੰਦਕ ਢਾਂਚੇ ਨੂੰ ਮੁਕੰਮਲ ਕਰਨ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ 10 ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਉਦੋਂ ਤੱਕ ਪਾਰਟੀ ਨੂੰ ਚੋਣ ਨਿਸ਼ਾਨ ਵੀ ਮਿਲ ਜਾਵੇਗਾ। ਇਸ ਕਮੇਟੀ ਵਿਚ ਆਤਮਾ ਸਿੰਘ ਲੁਬਾਦਾ, ਬਲਬੀਰ ਸਿੰਘ ਵਿਵੇਕ ਵਿਹਾਰ, ਅਮਰਜੀਤ ਸਿੰਘ ਪੱਪੂ, ਅਮਰਜੀਤ ਸਿੰਘ ਪਿੰਕੀ ਤੇ ਹਰਵਿੰਦਰ ਸਿੰਘ ਕੇ. ਪੀ. ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਮੌਕੇ ਆਤਮਾ ਸਿੰਘ ਲੁਬਾਣਾ, ਭੁਪਿੰਦਰ ਸਿੰਘ ਭੁੱਲਰ, ਸਰਵਜੀਤ ਸਿੰਘ ਵਿਰਕ, ਵਿਕਰਮ ਸਿੰਘ ਰੋਹਿਣੀ, ਸੁਰਜੀਤ ਸਿੰਘ ਜੀਤੀ, ਅਮਰਜੀਤ ਸਿੰਘ ਪਿੰਕੀ, ਅਮਰਜੀਤ ਸਿੰਘ ਪੱਪੂ, ਅਤੇ ਗੁਰਮੀਤ ਸਿੰਘ ਟਿੰਕੂ ਅਤੇ ਲੀਡਰਸ਼ਿਪ ਦੇ ਸਮਰਥਕ ਵੱਡੀ ਗਿਣਤੀ ਵਿਚ ਹਾਜ਼ਰ ਸਨ।