ਦਿੱਲੀ (ਦੇਵ ਇੰਦਰਜੀਤ) : ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਕਿਹਾ ਕਿ ਪਟਾਕੇ ਚਲਾਉਣ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸ਼ਹਿਰ ਸਰਕਾਰ 27 ਅਕਤੂਬਰ ਤੋਂ ‘ਪਟਾਕੇ ਨਹੀਂ ਦੀਵੇ ਜਗਾਓ’ ਮੁਹਿੰਮ ਸ਼ੁਰੂ ਕਰੇਗੀ। ਰਾਏ ਨੇ ਕਿਹਾ ਕਿ ਲੋਕਾਂ ਵਿਚਾਲੇ ਜਾਗਰੂਕਤਾ ਪੈਦਾ ਕਰਨ ਅਤੇ ਪਟਾਕਿਆਂ ਦੀ ਖਰੀਦ-ਵਿਕਰੀ ਦੀ ਨਿਗਰਾਨੀ ਲਈ ਜ਼ਿਲ੍ਹਾ ਪੱਧਰ ’ਤੇ 157 ਮੈਂਬਰਾਂ ਵਾਲੀਆਂ 15 ਟੀਮਾਂ ਬਣਾਈਆਂ ਜਾਣਗੀਆਂ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 15 ਸਤੰਬਰ ਨੂੰ ਪਟਾਕਿਆਂ ’ਤੇ ਪਾਬੰਦੀ ਲਗਾਉਣ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਇਹ ‘ਜੀਵਨ ਬਚਾਉਣ ਲਈ ਜ਼ਰੂਰੀ’ ਹੈ। ਇਸ ਤੋਂ ਬਾਅਦ 28 ਸਤੰਬਰ ਨੂੰ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਇਕ ਜਨਵਰੀ 2022 ਤੱਕ ਰਾਸ਼ਟਰੀ ਰਾਜਧਾਨੀ ’ਚ ਪਟਾਕਿਆਂ ਦੀ ਵਿਕਰੀ ਅਤੇ ਇਨ੍ਹਾਂ ਨੂੰ ਸਾੜਨ ’ਤੇ ਪੂਰਨ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ।
ਇਸ ਸਾਲ ਪਟਾਕਿਆਂ ਦੀ ਵਿਕਰੀ ਲਈ ਕੋਈ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਪਾਬੰਦੀ ਦੇ ਬਾਵਜੂਦ, ਸਾਨੂੰ ਪਟਾਕਿਆਂ ਦੀ ਵਿਕਰੀ ਅਤੇ ਖਰੀਦ ਬਾਰੇ ਸੂਚਨਾਵਾਂ ਮਿਲ ਰਹੀਆਂ ਹਨ।’’ ਮੰਤਰੀ ਨੇ ਸੋਮਵਾਰ ਨੂੰ ਦਿੱਲੀ ਪੁਲਸ ਅਤੇ ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ, ਜਿਸ ’ਚ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਪਟਾਕਿਆਂ ਨੂੰ ਸਾੜਨ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ‘ਪਟਾਕੇ ਨਹੀਂ ਦੀਵੇ ਜਗਾਓ’ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਜ਼ਿਲ੍ਹਾ ਪੱਧਰ ’ਤੇ 157 ਮੈਂਬਰਾਂ ਵਾਲੀਆਂ 15 ਟੀਮਾਂ ਦਾ ਗਠਨ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਸਾਰੇ ਪੁਲਸ ਥਾਣਿਆਂ ’ਚ ਗਸ਼ਤ ਦੇ ਉਦੇਸ਼ ਨਾਲ 2 ਮੈਂਬਰੀ ਟੀਮ ਹੋਵੇਗੀ। ਰਾਏ ਨੇ ਕਿਹਾ ਕਿ ਪਟਾਕੇ ਸਾੜਦੇ ਹੋਏ ਦਿੱਸਣ ’ਤੇ ਆਈ.ਪੀ.ਸੀ. ਦੀ ਧਾਰਾ ਨਾਲ ਸੰਬੰਧਤ ਪ੍ਰਬੰਧਾਂ ਅਤੇ ਵਿਸਫੋਟਕ ਐਕਟ ਦੇ ਅਧੀਨ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਅਜਿਹੇ 8 ਮਾਮਲੇ ਪਹਿਲਾਂ ਹੀ ਦਰਜ ਕੀਤੇ ਜਾ ਚੁਕੇ ਹਨ।