ਨਵੀਂ ਦਿੱਲੀ (ਦੇਵ ਇੰਦਰਜੀਤ)- ਆਮ ਆਦਮੀ ਪਾਰਟੀ ਸਰਕਾਰ 'ਚ ਵਿੱਤ ਮੰਤਰੀ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਵਿੱਤੀ ਵਰ੍ਹੇ ਲਈ ਵਿਧਾਨ ਸਭਾ 'ਚ ਦਿੱਲੀ ਦਾ ਬਜਟ ਪੇਸ਼ ਕੀਤਾ। ਦਿੱਲੀ 'ਚ ਪਹਿਲੀ ਵਾਰ ਡਿਜੀਟਲ ਬਜਟ ਪੇਸ਼ ਕੀਤਾ ਗਿਆ।
ਦਿੱਲੀ ਸਰਕਾਰ ਦੇ ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਫਿਲਹਾਲ ਦੇਸ਼ 'ਚ 39 ਆਰਮੀ ਸਕੂਲ ਹਨ ਪਰ ਦਿੱਲੀ 'ਚ ਇਕ ਵੀ ਆਰਮੀ ਸਕੂਲ ਨਹੀਂ ਹੈ। ਅਜਿਹੇ 'ਚ ਦਿੱਲੀ 'ਚ ਇਕ ਆਰਮੀ ਸਕੂਲ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ। ਇਸ ਤੋਂ ਇਲਾਵਾ ਦਿੱਲੀ ਆਰਮਡ ਫੋਰਸਿਜ਼ ਪ੍ਰੋਪਰੇਟਰੀ ਅਕੈਡਮੀ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਪਹਿਲਾਂ ਵੀ ਸਿਹਤ 'ਤੇ ਕਾਫੀ ਜ਼ੋਰ ਦਿੰਦੀ ਰਹੀ ਹੈ, ਇਸ ਦਾ ਪ੍ਰਭਾਵ ਮੰਗਲਵਾਰ ਨੂੰ ਪੇਸ਼ ਹੋਏ ਬਜਟ 'ਚ ਵੀ ਦੇਖਣ ਨੂੰ ਮਿਲਿਆ। ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਵਾਰ ਸਿਹਤ ਲਈ 9,934 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।
ਇਸ ਦੇ ਨਾਲ ਹੀ ਦਿੱਲੀ ਸਰਕਾਰ ਆਉਣ ਵਾਲੇ ਸਮੇਂ 'ਚ ਯੋਗ ਨੂੰ ਹੁਲਾਰਾ ਦੇਣ ਦੀ ਤਿਆਰੀ 'ਚ ਰੁਝੇਗੀ। ਇਸ ਬਾਬਤ ਯੋਗ ਨੂੰ ਹੁਲਾਰਾ ਦੇਣ ਲਈ ਹਰ ਕਾਲੋਨੀ ਦੇ ਪੱਧਰ 'ਤੇ ਯੋਗ ਅਧਿਆਪਕ ਦਿੱਲੀ ਸਰਕਾਰ ਉਪਲੱਬਧ ਕਰਵਾਏਗੀ। ਇਸ ਦੇ ਮੱਦੇਨਜ਼ਰ ਬਜਟ 'ਚ 25 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।