ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਲੈੱਗ ਸਪਿਨਰ (40 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੇ ਓਪਨਰ ਸ਼ਿਖਰ ਧਵਨ (56) ਅਤੇ ਕਪਤਾਨ ਸ਼੍ਰੇਅਸ ਅਈਅਰ (ਅਜੇਤੂ 58) ਦੇ ਬਿਹਤਰੀਨ ਅਰਧ ਸੈਂਕੜਿਆਂ ਨਾਲ ਦਿੱਲੀ ਕੈਪੀਟਲਸ ਨੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਆਪਣੀ ਹਾਰ ਦਾ ਕ੍ਰਮ ਤੋੜਦੇ ਹੋਏ ਕਿੰਗਜ਼ ਇਲੈਵਨ ਪੰਜਾਬ ਨੂੰ ਆਈ. ਪੀ. ਐੱਲ.-12 ਦੇ ਮੁਕਾਬਲੇ ਵਿਚ ਸ਼ਨੀਵਾਰ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਦਿੱਲੀ ਦੀ 10 ਮੈਚਾਂ ਵਿਚ ਇਹ ਛੇਵੀਂ ਜਿੱਤ ਹੈ ਤੇ 12 ਅੰਕਾਂ ਨਾਲ ਉਸ ਨੇ ਪਲੇਅ ਆਫ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ।
ਪੰਜਾਬ ਨੇ 20 ਓਵਰਾਂ ਵਿਚ 7 ਵਿਕਟਾਂ 'ਤੇ 163 ਦੌੜਾਂ ਬਣਾਈਆਂ ਸਨ, ਜਦਕਿ ਦਿੱਲੀ ਨੇ 19ਵੇਂ ਓਵਰ ਵਿਚ 2 ਵਿਕਟਾਂ ਡਿੱਗਣ ਦੇ ਬਾਵਜੂਦ 19.4 ਓਵਰਾਂ ਵਿਚ 5 ਵਿਕਟਾਂ 'ਤੇ 166 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ। ਪੰਜਾਬ ਨੂੰ 10 ਮੈਚਾਂ ਵਿਚ 5ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸਦੇ ਖਾਤੇ ਵਿਚ 10 ਅੰਕ ਹਨ। ਦਿੱਲੀ ਨੇ ਮੁਕਾਬਲੇ ਵਿਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪੰਜਾਬ ਦੀ ਪਾਰੀ ਟੀ-20 ਦੇ ਯੂਨੀਵਰਸਲ ਬੌਸ ਕਹੇ ਜਾਣ ਵਾਲੇ ਗੇਲ 'ਤੇ ਟਿਕੀ ਰਹੀ, ਜਿਸ ਨੇ ਆਪਣੇ ਸ਼ਾਨਦਾਰ ਛੱਕਿਆਂ ਨਾਲ 45 ਹਜ਼ਾਰ ਦਰਸ਼ਕਾਂ ਨੂੰ ਤਾਲੀਆਂ ਵਜਾਉਣ ਲਈ ਮਜਬੂਰ ਕਰ ਦਿੱਤਾ।
ਗੇਲ ਦਾ ਇਕ ਛੱਕਾ ਤਾਂ 101 ਮੀਟਰ ਤਕ ਗਿਆ। ਗੇਲ ਨੇ ਆਈ. ਪੀ. ਐੱਲ.-12 ਦਾ ਆਪਣਾ ਚੌਥਾ ਅਰਧ ਸੈਂਕੜਾ ਬਣਾਇਆ। ਵਿੰਡੀਜ਼ ਦੇ ਗੇਲ ਨੇ 37 ਗੇਂਦਾਂ 'ਤੇ 69 ਦੌੜਾਂ ਵਿਚ 6 ਚੌਕੇ ਤੇ 5 ਛੱਕੇ ਲਾਏ। ਪੰਜਾਬ ਵਲੋਂ ਗੇਲ ਤੋਂ ਇਲਾਵਾ ਬਾਕੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ, ਜਿਸ ਕਾਰਨ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।