by vikramsehajpal
ਨਵੀਂ ਦਿੱਲੀ(ਦੇਵ ਇੰਦਰਜੀਤ) : ਕਿਸਾਨ ਟਰੈਕਟਰ ਪਰੇਡ ਦੌਰਾਨ 26 ਜਨਵਰੀ ਨੂੰ ਹੋਈ ਹਿੰਸਾ ਨੂੰ ਲੈ ਕੇ ਮੁਲਜ਼ਮ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਵੀਰਵਾਰ ਨੂੰ ਦਿੱਲੀ ਕੋਰਟ 'ਚ ਸਫਾਈ ਦਿੱਤੀ ਹੈ। ਲਾਲ ਕਿਲ੍ਹਾ ਹਿੰਸਾ 'ਚ ਮੁਲਜ਼ਮ ਦੀਪ ਸਿੱਧੂ ਦੇ ਵਕੀਲ ਨੇ ਕੋਰਟ 'ਚ ਕਿਹਾ ਕਿ ਉਸ ਖ਼ਿਲਾਫ਼ ਕੋਈ ਸਬੂਤ ਨਹੀਂ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਉਸ ਨੇ ਹਿੰਸਾ ਲਈ ਲੋਕਾਂ ਨੂੰ ਭੜਕਾਇਆ। ਉਸ ਨੇ ਇਹ ਵੀ ਕਿਹਾ ਕਿ ਕਿਸਾਨ ਟਰੈਕਟਰ ਪਰੇਡ ਲਈ ਕਿਸਾਨ ਆਗੂਆਂ ਵੱਲੋਂ ਅਪੀਲ ਕੀਤੀ ਗਈ ਸੀ। ਦੀਪ ਸਿੱਧੂ ਤਾਂ ਕਿਸਾਨ ਯੂਨੀਅਨ ਦਾ ਮੈਂਬਰ ਨਹੀਂ ਹੈ।
ਦੀਪ ਨੇ ਲਾਲ ਕਿਲ੍ਹੇ 'ਚ ਜਾਣ ਲਈ ਕੋਈ ਕਾਲ ਵੀ ਨਹੀਂ ਕੀਤੀ। ਕੋਰਟ ਦੇ ਸਾਹਮਣੇ ਦੀਪ ਸਿੱਧੂ ਨੇ ਆਪਣੇ ਵਕੀਲ ਰਾਹੀਂ ਕਿਹਾ ਕਿ ਉਸ ਨੇ ਦਿੱਲੀ 'ਚ ਹਿੰਸਾ ਦਾ ਇਕ ਵੀ ਕੰਮ ਨਹੀਂ ਕੀਤਾ ਹੈ। ਹਿੰਸਾ ਭੜਕਾਉਣ ਤੋਂ ਪਹਿਲਾਂ ਹੀ ਉਹ ਅੰਦੋਲਨ ਤੋਂ ਵੱਖ ਹੋ ਗਿਆ ਸੀ। ਦੀਪ ਸਿੱਧੂ ਦੀ ਜ਼ਮਾਨਤ 'ਤੇ ਹੁਣ ਸੋਮਵਾਰ ਨੂੰ ਸੁਣਵਾਈ ਹੋਵੇਗੀ।