ਨਵੀਂ ਦਿੱਲੀ (ਦੇਵ ਇੰਦਰਜੀਤ)- ਗਣਤੰਤਰ ਦਿਵਸ ’ਤੇ ਲਾਲ ਕਿਲ੍ਹੇ ’ਚ ਹੁੱਲੜਬਾਜ਼ਾਂ ਦੀ ਅਗਵਾਈ ਕਰਨ ਵਾਲੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਹੁਣ ਤਕ ਗ੍ਰਿਫਤਾਰ ਨਹੀਂ ਕਰ ਸਕੀ। ਤਿੰਨ ਦਿਨਾਂ ਤੋਂ ਪੁਲਿਸ ਦੀਆਂ 4 ਟੀਮਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਦੀਪ ਦੀ ਤਲਾਸ਼ ਵਿਚ ਹਨ ਪਰ ਉਹ ਅੜਿੱਕੇ ਨਹੀਂ ਆ ਰਿਹਾ।
ਪੁਲਿਸ ਦਾ ਕਹਿਣਾ ਹੈ ਕਿ ਦੀਪ ਆਪਣੀ ਮੋਬਾਈਲ ਫੋਨ ਬੰਦ ਕਰ ਕੇ ਰੂਪੋਸ਼ ਹੋ ਗਿਆ ਹੈ। ਪਰ ਦੀਪ ਸਿੱਧੂ ਘਟਨਾ ਤੋਂ ਬਾਅਦ ਕਈ ਵਾਰ ਫੇਸਬੁੱਕ ਲਾਈਵ ਹੋ ਕੇ ਬਿਆਨ ਜਾਰੀ ਕਰ ਚੁੱਕਾ ਹੈ। ਸ਼ਨਿਚਰਵਾਰ ਸ਼ਾਮ ਨੂੰ ਵੀ ਉਸ ਨੇ ਫੇਸਬੁੱਕ ’ਤੇ ਕਿਹਾ ਕਿ ਉਹ ਕੁਝ ਸਬੂਤ ਜੁਟਾਉਣ ਵਿਚ ਲੱਗਾ ਹੋਇਆ ਹੈ। ਇਸ ਤੋਂ ਬਾਅਦ ਖ਼ੁਦ ਦਿੱਲੀ ਪੁਲਿਸ ਸਾਹਮਣੇ ਸਮਰਪਣ ਕਰ ਦੇਵੇਗਾ। ਐਤਵਾਰ ਨੂੰ ਵੀ ਉਸ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਆਪਣੀ ਸਫ਼ਾਈ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲਾਲ ਕਿਲ੍ਹੇ ’ਤੇ ਹੁੱਲੜਬਾਜ਼ੀ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਹੀ ਦੀਪ ਸਿੱਧੂ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਉਦੋਂ ਤੋਂ ਹੀ ਉਸ ਦਾ ਮੋਬਾਈਲ ਬੰਦ ਆ ਰਿਹਾ ਹੈ ਪਰ ਫੇਸਬੁੱਕ ’ਤੇ ਲਗਾਤਾਰ ਸਰਗਰਮ ਹੈ।
ਵਿਰੋਧ ਪ੍ਰਗਟ ਕਰਨ ’ਤੇ ਕੁਝ ਕਿਸਾਨ ਆਗੂਆਂ ਨੂੰ ਉਸ ਨੇ ਧਮਕੀ ਵੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਜੇ ਉਹ ਉਨ੍ਹਾਂ ਦੀਆਂ ਪਰਤਾਂ ਖੋਲ੍ਹਣ ’ਤੇ ਆ ਗਿਆ ਤਾਂ ਕਿਸਾਨ ਆਗੂਆਂ ਨੂੰ ਭੱਜਣ ਲਈ ਰਾਹ ਨਹੀਂ ਲੱਭਣਾ। ਉਸ ਨੇ ਸਫ਼ਾਈ ਵਿਚ ਕਿਹਾ ਸੀ ਕਿ ਉਸ ਨੇ ਰਾਸ਼ਟਰੀ ਝੰਡੇ ਨੂੰ ਕੋਈ ਨੁਕਸਾਨ ਨਹੀਂ ਪੁਹੰਚਾਇਆ ਬਲਕਿ ਆਪਣਾ ਝੰਡਾ ਲਹਿਰਾ ਕੇ ਸਰਕਾਰ ਨੂੰ ਤਾਕਤ ਦਿਖਾਈ ਹੈ।