ਵੈੱਬ ਡੈਸਕ (ਸਾਹਿਬ) - ਥਾਣਾ ਸੁਧਾਰ ਅਧੀਨ ਪਿੰਡ ਹਲਵਾਰਾ ਵਾਸੀ 27 ਸਾਲਾ ਨੌਜਵਾਨ ਤਰਲੋਚਨ ਸਿੰਘ ਉਰਫ਼ ਰਾਜੂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਪੀੜਤ ਪਰਿਵਾਰ ਅਨੁਸਾਰ ਪਿੰਡ ਦਾ ਹੀ ਇੱਕ ਦੋਸਤ ਆਕਾਸ਼ਦੀਪ ਸਿੰਘ ਸਵੇਰੇ ਕਰੀਬ 10 ਵਜੇ ਉਸ ਨੂੰ ਘਰੋਂ ਮੋਟਰਸਾਈਕਲ ’ਤੇ ਲੈ ਗਿਆ ਸੀ। ਰਾਏਕੋਟ ਨੇੜੇ ਪਿੰਡ ਗੋਂਦਵਾਲ ਤੋਂ ਬੁਰਜ ਹਰੀ ਸਿੰਘ ਲਿੰਕ ਰੋਡ ’ਤੇ ਐੱਨਆਰਆਈ ਪਰਿਵਾਰ ਦੀ ਬੰਦ ਪਈ ਕੋਠੀ ਨੇੜੇ ਆਕਾਸ਼ਦੀਪ ਸਿੰਘ ਨੇ ਰਾਜੂ ਨੂੰ ਨਸ਼ੇ ਦਾ ਟੀਕਾ ਲਾਇਆ ਤਾਂ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਆਕਾਸ਼ਦੀਪ ਰਾਜੂ ਦੀ ਲਾਸ਼ ਨੂੰ ਆਪਣੇ ਨਾਲ ਬੰਨ੍ਹ ਕੇ ਮੋਟਰਸਾਈਕਲ ’ਤੇ ਘਰ ਲੈ ਆਇਆ। ਰਾਜੂ ਦੀ ਮਾਂ ਮਜ਼ਦੂਰੀ ਕਰਨ ਗਈ ਹੋਈ ਸੀ ਅਤੇ ਦੋਵੇਂ ਭਰਾ ਵੀ ਘਰ ਨਹੀਂ ਸਨ। ਘਬਰਾਹਟ ਕਾਰਨ ਮੋਟਰਸਾਈਕਲ ਘਰ ਦੇ ਦਰਵਾਜ਼ੇ ਨਾਲ ਟਕਰਾ ਗਿਆ ਅਤੇ ਲੋਕ ਇਕੱਠੇ ਹੋ ਗਏ। ਜਦੋਂ ਆਕਾਸ਼ਦੀਪ ਲਾਸ਼ ਨੂੰ ਬੈੱਡ ’ਤੇ ਪਾ ਕੇ ਖਿਸਕਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਸੁਧਾਰ ਪੁਲੀਸ ਨੂੰ ਸੂਚਿਤ ਕਰ ਦਿੱਤਾ। ਸੁਧਾਰ ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤੀ। ਪੁੱਛ ਪੜਤਾਲ ਦੌਰਾਨ ਜਦੋਂ ਮੌਤ ਗੋਂਦਵਾਲ ਨੇੜੇ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਸੁਧਾਰ ਪੁਲੀਸ ਨੇ ਕਾਰਵਾਈ ਤੋਂ ਪੱਲਾ ਝਾੜ ਲਿਆ। ਥਾਣਾ ਰਾਏਕੋਟ (ਸ਼ਹਿਰੀ) ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਅਨੁਸਾਰ ਰਾਜੂ ਦੀ ਮਾਂ ਮਨਜੀਤ ਕੌਰ ਦੀ ਸ਼ਿਕਾਇਤ ’ਤੇ ਆਕਾਸ਼ਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਕਾਸ਼ਦੀਪ ਨੂੰ ਸੁਧਾਰ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ ਅਤੇ ਉਸ ਨੂੰ ਰਾਏਕੋਟ ਲਿਆਂਦਾ ਜਾਵੇਗਾ।
by vikramsehajpal