ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀ ਆਰ ਚੋਪੜਾ ਦੇ ਮਿਥਿਹਾਸਕ ਸੀਰੀਅਲ 'ਮਹਾਭਾਰਤ' 'ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਸੋਬਤੀ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦੱਸ ਦੇਈਏ ਕਿ ਪੰਜਾਬ ਨਾਲ ਸਬੰਧਤ ਪ੍ਰਵੀਨ ਕੁਮਾਰ ਸੋਬਤੀ ਦਾ 74 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਦਰਅਸਲ ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਆਰਥਿਕ ਤੰਗੀ ਨਾਲ ਵੀ ਜੂਝ ਰਹੇ ਸਨ। ਅਜੇ ਤੱਕ ਪ੍ਰਵੀਨ ਕੁਮਾਰ ਸੋਬਤੀ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਬੀਮਾਰੀ ਕਾਰਨ ਹੋਈ ਹੈ।
ਦੱਸਣਯੋਗ ਹੈ ਕਿ ਬਾਲੀਵੁੱਡ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਪ੍ਰਵੀਨ ਕੁਮਾਰ ਸੋਬਤੀ ਇਕ ਨਾਮੀ ਖਿਡਾਰੀਸਨ, ਜਿਨ੍ਹਾਂ ਨੇ ਕਈ ਵਾਰ ਅੰਤਰਰਾਸ਼ਟਰੀ ਫਰੰਟ 'ਤੇ ਦੇਸ਼ ਦੀ ਨੁਮਾਇੰਦਗੀ ਕੀਤੀ ਤੇ ਭਾਰਤ ਦਾ ਨਾਂ ਰੌਸ਼ਨ ਕੀਤਾ। ਟਰੈਕ ਅਤੇ ਫੀਲਡ ਖੇਡਾਂ ਵਿੱਚ ਸਫਲ ਕਰੀਅਰ ਬਣਾਉਣ ਤੋਂ ਬਾਅਦ, ਉਸਨੇ 70 ਦੇ ਦਹਾਕੇ ਦੇ ਅਖੀਰ ਵਿੱਚ ਸ਼ੋਅਬਿਜ਼ ਦੀ ਦੁਨੀਆ 'ਚ ਕਦਮ ਰੱਖਿਆ।
ਉਨ੍ਹਾਂ ਨੇ 'ਰਕਸ਼ਾ', 'ਸ਼ਹਿਨਸ਼ਾਹ', 'ਕਰਿਸ਼ਮਾ ਕੁਦਰਤ ਕਾ', 'ਯੁੱਧ', 'ਇਲਾਕਾ' ਅਤੇ 'ਮੁਹੱਬਤ ਕੇ ਦੁਸ਼ਮਣ' ਵਰਗੀਆਂ ਫਿਲਮਾਂ ਸਮੇਤ ਕਈ ਫਿਲਮਾਂ 'ਚ ਕੰਮ ਕੀਤਾ। ਇਸ ਦੇ ਨਾਲ ਹੀ ਵੱਡੇ ਪਰਦੇ ਤੋਂ ਬਾਅਦ 80 ਦੇ ਦਹਾਕੇ ਦੇ ਅੰਤ 'ਚ ਉਨ੍ਹਾਂ ਨੂੰ ਅਜਿਹਾ ਕਿਰਦਾਰ ਮਿਲਿਆ, ਜਿਸ ਨੇ ਉਨ੍ਹਾਂ ਨੂੰ ਘਰ-ਘਰ 'ਚ ਪਛਾਣ ਦਿੱਤੀ। ਇਹ ਪਾਤਰ 'ਮਹਾਭਾਰਤ' ਦੇ ਭੀਮ ਦਾ ਪਾਤਰ ਸੀ। ਪ੍ਰਵੀਨ ਕੁਮਾਰ ਸੋਬਤੀ ਦੁਆਰਾ ਨਿਭਾਏ ਗਏ ਉਨ੍ਹਾਂ ਦੇ ਇਸ ਕਿਰਦਾਰ ਨੇ ਉਨ੍ਹਾਂ ਨੂੰ ਅਮਰ ਕਰ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਪ੍ਰਵੀਨ ਨੇ ਆਪਣੇ ਕਿਰਦਾਰ ਨੂੰ ਲੈ ਕੇ ਇਕ ਆਨਲਾਈਨ ਪੋਰਟਲ ਨਾਲ ਗੱਲਬਾਤ ਕੀਤੀ ਸੀ ਅਤੇ ਇਸ ਗੱਲਬਾਤ ਦੌਰਾਨ ਉਸ ਨੇ ਖੁਲਾਸਾ ਕੀਤਾ ਸੀ ਕਿ ਉਸ ਨੂੰ ਭੀਮ ਦਾ ਕਿਰਦਾਰ ਕਿਵੇਂ ਮਿਲਿਆ।