ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਤੋਂ ਇਕ ਦੁਖਦ ਖਬਰ ਸਾਹਮਣੇ ਆਈ ਹੈ। ਮੋਹਾਲੀ ਦੇ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਕਾਰਬੋ ਵਿਖੇ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 25 ਸਾਲਾ ਰੁਪੇਸ਼ ਨਰੂਲਾ ਵਜੋਂ ਹੋਈ ਹੈ , ਜੋ ਮੋਹਾਲੀ ਦਾ ਰਹਿਣ ਵਾਲਾ ਹੈ। ਉਹ ਕੈਨੇਡਾ ਦੇ ਸ਼ਹਿਰ ਸਕਾਰਬੋ ‘ਚ ਸਥਿਤ ਇੱਕ ਬੀਚ ‘ਤੇ ਕੈਨੇਡਾ ਦਿਵਸ ਮਨਾਉਣ ਲਈ ਗਿਆ ਸੀ ਅਤੇ ਸਮੁੰਦਰ ਵਿਚ ਡੁੱਬਣ ਕਾਰਨ ਉਸਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਰੁਪੇਸ਼ ਦਾ ਵਿਆਹ ਮਾਰਚ ਮਹੀਨੇ ਵਿਚ ਹੋਇਆ ਸੀ, ਜਿਸ ਤੋਂ ਬਾਅਦ ਉਹ 20 ਜੂਨ ਨੂੰ ਵਾਪਸ ਕੈਨੇਡਾ ਚਲਾ ਗਿਆ। ਉਸ ਦੀ ਪਤਨੀ ਨੇ ਅਗਲੇ ਮਹੀਨੇ ਉਸ ਕੋਲ ਜਾਣਾ ਸੀ ਪਰ ਅਜਿਹਾ ਹੋ ਨਹੀਂ ਸਕਿਆ। ਰੁਪੇਸ਼ ਦੇ ਪਿਤਾ ਪਵਨ ਨਰੂਲਾ ਦਾ ਇਥੇ ਸੋਹਾਣਾ ਵਿਖੇ ਨਰੂਲਾ ਟੈਂਟ ਸਟੋਰ ਸੀ, ਜਿਨ੍ਹਾਂ ਦਾ ਕਿ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ। ਜਦੋਂ ਮ੍ਰਿਤਕ ਨੌਜਵਾਨ ਰੁਪੇਸ਼ ਨਰੂਲਾ ਦੇ ਮੌਤ ਦੀ ਖ਼ਬਰ ਮੰਗਲਵਾਰ ਦੁਪਹਿਰ ਵੇਲੇ ਪਰਿਵਾਰ ਨੂੰ ਮਿਲੀ ਤਾਂ ਉਸ ਤੋਂ ਬਾਅਦ ਉਸ ਦੇ 7 ਫ਼ੇਜ਼ ਸਥਿਤ ਘਰ ਵਿਚ ਮਾਤਮ ਛਾਅ ਗਿਆ।