ਦੁਬਈ (ਵਿਕਰਮ ਸਹਿਜਪਾਲ) : ਭਾਰਤੀ ਮੂਲ ਦੇ ਇੱਕ ਸਟੈਂਡ–ਅੱਪ ਕਾਮੇਡੀਅਨ ਮੰਜੂਨਾਥ ਨਾਇਡੂ ਦਾ ਦੁਬਈ ਦੇ ਇੱਕ ਖਚਾਖਚ ਭਰੇ ਆਡੀਟੋਰੀਅਮ ’ਚ ਸਟੇਜ ’ਤੇ ਹੀ ਦੇਹਾਂਤ ਹੋ ਗਿਆ। ਉਹ 36 ਸਾਲਾਂ ਦੇ ਸਨ। 36 ਸਾਲਾ ਮੰਜੂਨਾਥ ਨਾਇਡੂ ਸ਼ੁੱਕਰਵਾਰ ਨੂੰ ਵੀ ਆਮ ਦਿਨਾਂ ਵਾਂਗ ਸਟੇਜ ’ਤੇ ਆਪਣਾ ਕਾਮੇਡੀ ਪ੍ਰੋਗਰਾਮ ਪੇਸ਼ ਕਰ ਰਹੇ ਸਨ ਕਿ ਉਨ੍ਹਾਂ ਨੂੰ ਅਚਾਨਕ ਦਿਲ ਵਿੱਚ ਕੁਝ ਘਬਰਾਹਟ ਜਿਹੀ ਮਹਿਸੁਸ ਹੋਈ। ਉਹ ਆਪਣਾ ਪ੍ਰੋਗਰਾਮ ਵਿੱਚੇ ਛੱਡ ਕੇ ਉੱਥੇ ਲਾਗੇ ਪਏ ਬੈਂਚ ਉੱਤੇ ਬਹਿ ਗਏ। ਉਨ੍ਹਾਂ ਛਿਣਾਂ ਦੌਰਾਨ ਦਰਸ਼ਕ ਇਹੋ ਸਮਝਦੇ ਰਹੇ ਕਿ ਇਹ ਮੰਜੂਨਾਥ ਨਾਇਡੂ ਦੀ ਕਾਮੇਡੀ ਦਾ ਕੋਈ ਨਵਾਂ ਸਟਾਈਲ ਹੈ।
ਪਰ ਇੰਨੇ ਨੂੰ ਤਾਂ ਉਨ੍ਹਾਂ ਦੇ ਦਿਲ ਦੀ ਧੜਕਣ ਅਚਾਨਕ ਰੁਕ ਚੁੱਕੀ ਸੀ। ‘ਖ਼ਲੀਜ ਟਾਈਮਜ਼’ ਮੁਤਾਬਕ ਮੰਜੂਨਾਥ ਨਾਇਡੂ ਦਾ ਜਨਮ ਅਬੂ ਧਾਬੀ ’ਚ ਹੋਇਆ ਸੀ ਪਰ ਬਾਅਦ ’ਚ ਉਹ ਦੁਬਈ ਆ ਕੇ ਵੱਸ ਗਏ ਸਨ। ਮੰਜੂਨਾਥ ਦੇ ਦੋਸਤ ਤੇ ਉਨ੍ਹਾਂ ਦੇ ਸਾਥੀ ਕਾਮੇਡੀਅਨ ਮਿਕਦਾਦ ਦੋਹਾਦਵਾਲਾ ਨੇ ਦੱਸਿਆ ਕਿ ਜਿਸ ਵੇਲੇ ਇਹ ਭਾਣਾ ਵਰਤਿਆ, ਤਦ ਮੰਜੂਨਾਥ ਆਮ ਦਿਨਾਂ ਵਾਂਗ ਸਟੇਜ ਉੱਤੇ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਹਸਾ ਰਹੇ ਸਨ। ਉਹ ਆਪਣੇ ਪਿਤਾ ਤੇ ਪਰਿਵਾਰ ਦੀਆਂ ਗੱਲਾਂ ਕਰ ਰਹੇ ਸਨ।
ਉਨ੍ਹਾਂ ਨੇ ਤਦ ਹੀ ਅੱਜ–ਕੱਲ੍ਹ ਆਮ ਲੋਕਾਂ ਵਿੱਚ ਪਾਈ ਜਾਣ ਵਾਲੀ ਚਿੰਤਾ ਦੀ ਗੱਲ ਸ਼ੁਰੂ ਹੀ ਕੀਤੀ ਸੀ ਕਿ ਉਹ ਅਚਾਨਕ ਹੀ ਘਬਰਾ ਕੇ ਬਹਿ ਗਏ। ਲੋਕ ਤਦ ਵੀ ਇਸ ਨੂੰ ਇੱਕ ਮਜ਼ਾਕ ਹੀ ਸਮਝ ਰਹੇ ਸਨ। ਪਰ ਜਦੋਂ ਮੰਜੂਨਾਥ ਇੱਕ ਪਾਸੇ ਨੂੰ ਢਹਿ–ਢੇਰੀ ਹੋ ਗਏ, ਤਦ ਲੋਕਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੂੰ ਮੁਢਲੀ ਸਹਾਇਤਾ ਦੇਣ ਦੇ ਜਤਨ ਵੀ ਹੋਏ ਪਰ ਕੋਈ ਫ਼ਾਇਦਾ ਨਾ ਹੋ ਸਕਿਆ। ਮੰਜੂਨਾਥ ਨਾਇਡੂ ਦੇ ਮਾਪਿਆਂ ਦਾ ਦੇਹਾਂਤ ਹੋ ਚੁੱਕਾ ਸੀ ਤੇ ਉਨ੍ਹਾਂ ਦਾ ਸਿਰਫ਼ ਇੱਕ ਭਰਾ ਸੀ। ਇੱਥੇ ਉਨ੍ਹਾਂ ਦਾ ਹੋਰ ਕੋਈ ਵੀ ਰਿਸ਼ਤੇਦਾਰ ਨਹੀਂ ਹੈ। ਉਹ ਸਿਰਫ਼ ਆਪਣੇ ਕਾਮੇਡੀਅਨ ਸਾਥੀਆਂ ਨਾਲ ਹੀ ਵਿਚਰਦੇ ਵੇਖੇ ਜਾਂਦੇ ਸਨ।