ਕੱਥੂਨੰਗਲ (ਸਾਹਿਬ) : ਕੱਥੂਨੰਗਲ ਦੇ ਅਧੀਨ ਆਉਂਦੇ ਪਿੰਡ ਵਰਿਆਮ ਨੰਗਲ ਦੇ ਟੋਲ ਪਲਾਜ਼ਾ ਦੇ ਪਖਾਨਿਆਂ ਅੰਦਰ ਇਕ ਨੌਜਵਾਨ ਦੀ ਚਿੱਟੇ ਦੀ ਓਵਰ ਡੋਜ਼ ਨਾਲ ਮੌਤ ਹੋ ਗਈ। ਚਿੱਟੇ ਦਾ ਟੀਕਾ ਲਗਾ ਕੇ ਮੌਤ ਦੇ ਮੂੰਹ 'ਚ ਜਾਣ ਵਾਲੇ ਮ੍ਰਿਤਕ ਨੌਜਵਾਨ ਦੀ ਪਛਾਣ ਸੰਤੋਖ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਪਿੰਡ ਅਬਦਾਲ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਪੈਂਦੇ ਵਰਿਆਮ ਨੰਗਲ ਟੋਲ ਪਲਾਜ਼ਾ 'ਤੇ ਯਾਤਰੀਆਂ ਲਈ ਖੋਲ੍ਹੇ ਗਏ ਪਖਾਨਿਆਂ ਦੇ ਅੰਦਰ ਉਕਤ ਨੌਜਵਾਨ ਸਵੇਰੇ ਮ੍ਰਿਤਕ ਹਾਲਤ 'ਚ ਪਿਆ ਮਿਲਿਆ। ਉਸਦੇ ਨੇੜੇ ਹੀ ਇਕ ਸਰਿੰਜ ਵੀ ਪਈ ਹੋਈ ਸੀ।
ਦੱਸ ਦਈਏ ਕਿ ਉਕਤ ਨੌਜਵਾਨ ਰਾਤ ਨੂੰ ਹੀ ਟੋਲ ਪਲਾਜ਼ਾ ਦੇ ਇਨ੍ਹਾਂ ਪਖਾਨਿਆਂ ਵਿਚ ਦਾਖਲ ਹੋਇਆ ਹੋਵੇਗਾ ਜਿੱਥੇ ਉਸ ਵਲੋਂ ਚਿੱਟੇ ਦਾ ਟੀਕਾ ਲਾਉਣ ਨਾਲ ਓਵਰ ਡੋਜ਼ ਕਾਰਣ ਉਸਦੀ ਮੌਤ ਹੋ ਗਈ। ਥਾਣਾ ਕੱਥੂਨੰਗਲ ਦੀ ਪੁਲਸ ਵਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁੱਢਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਟੋਲ ਪਲਾਜ਼ਾ ਦੇ ਡਿਪਟੀ ਮੈਨੇਜਰ ਵਿਕਾਸ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਪਖਾਨੇ ਖੁੱਲ੍ਹੇ ਰੱਖੇ ਜਾਂਦੇ ਹਨ ਪਰ ਰਾਤ ਨੂੰ ਕਈ ਵਾਰ ਨਸ਼ੇੜੀ ਕਿਸਮ ਦੇ ਲੋਕ ਅੰਦਰ ਵੜ ਜਾਂਦੇ ਹਨ ਤੇ ਰੋਕਣ 'ਤੇ ਇਹ ਝਗੜਾ ਕਰਦੇ ਹਨ।