ਪੱਤਰ ਪ੍ਰੇਰਕ : ਮੋਹਾਲੀ ਦੇ ਸੈਕਟਰ 67 ਸਥਿਤ ਸੀਪੀ ਮਾਲ ਦੇ ਬਾਹਰ ਸੋਮਵਾਰ ਨੂੰ ਦਿਨ ਦਿਹਾੜੇ ਜ਼ਬਰਦਸਤ ਫਾਇਰਿੰਗ ਹੋਈ। ਇਸ ਵਿੱਚ ਇੱਕ ਗੈਂਗਸਟਰ ਦੀ ਮੌਤ ਹੋ ਗਈ। ਮ੍ਰਿਤਕ ਦੇ ਸਿਰ 'ਤੇ ਗੋਲੀਆਂ ਦੇ ਜ਼ਖਮ ਦੇਖੇ ਗਏ ਹਨ। ਮ੍ਰਿਤਕ ਦੀ ਪਛਾਣ ਜੰਮੂ ਤੋਂ ਗੈਂਗਸਟਰ ਰਾਜੇਸ਼ ਮੋਹਨ ਡੋਗਰਾ ਵਜੋਂ ਹੋਈ ਹੈ।
ਇਸ ਦੌਰਾਨ ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਮਰਨ ਵਾਲਾ ਗੈਂਗਸਟਰ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਸੀ। ਇਹ ਚਾਰ ਗੈਂਗਸਟਰ ਦੋ ਗੱਡੀਆਂ ਵਿੱਚ ਇੱਥੇ ਆਏ ਸਨ,ਜਿਨ੍ਹਾਂ ਵਿੱਚੋਂ ਗੋਲੀ ਲੱਗਣ ਨਾਲ ਇੱਕ ਦੀ ਮੌਤ ਹੋ ਗਈ ਹੈ। ਇੱਕ ਗੈਂਗਸਚਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ 8 ਕੇਸ ਵੀ ਦਰਜ ਹਨ। ਪੁਲਿਸ ਮੁਤਾਬਿਕ ਉਨ੍ਹਾਂ ਨੇ ਗੱਡੀਆਂ ਦੇ ਨੰਬਰਾਂ ਦਾ ਪਤਾ ਲਗਾ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗੁਆਂਢੀ ਸੂਬਿਆਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਜਲਦ ਹੀ ਹਮਲਾਵਰਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਵੀ ਅਪਰਾਧਿਕ ਪਿਛੋਕੜ ਜਾਪਦਾ ਹੈ। ਇਸ ਦੌਰਾਨ ਜਿਸ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਮਾਮਲੇ ਵੀ ਦਰਜ ਹੋਏ ਹਨ। ਪੁਲਿਸ ਦਾ ਕਹਿਣਾ ਹੈ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਮ੍ਰਿਤਕ ਦੇ ਨਾਲ ਸੀ ਜਾਂ ਹਮਲਾਵਰ ਹੈ, ਇਹ ਫਿਲਹਾਲ ਸਾਫ ਹੋਣਾ ਬਾਕੀ ਹੈ।