ਨਿਊਜ਼ ਡੈਸਕ : ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲੈਂਦਿਆਂ 50 ਵੱਡੇ ਅਪਰਾਧੀਆਂ ਨੂੰ ਬਠਿੰਡਾ ਕੇਂਦਰੀ ਜੇਲ੍ਹ ’ਚ ਸ਼ਿਫਟ ਕਰਨ ਦੀ ਤਿਆਰੀ ਕੀਤੀ ਗਈ ਹੈ, ਜਿਸ ਵਿਚ 36 ਖ਼ੂੰਖਾਰ ਤੇ ਖ਼ਤਰਨਾਕ ਗੈਂਗਸਟਰ ਸ਼ਾਮਲ ਹਨ। ਸਿਰਫ਼ ਇੰਨਾ ਹੀ ਨਹੀਂ, 14 ਦੋਸ਼ੀਆਂ ਨੂੰ ਹੋਰ ਜੇਲ੍ਹਾਂ ’ਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਕਤ 36 ਗੈਂਗਸਟਰਾਂ ਨੂੰ ਤਾਂ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਹੀ ਕਾਬੂ ਕੀਤਾ ਸੀ, ਜੋ ਅੰਤਰਰਾਸ਼ਟਰੀ ਨਸ਼ਾ ਤਸਕਰੀ, ਅੱਤਵਾਦੀ ਗਤੀਵਿਧੀਆਂ ਤੇ ਹੋਰ ਕਈ ਗੰਭੀਰ ਜੁਰਮਾਂ ਨਾਲ ਸੰਬੰਧ ਰੱਖਦੇ ਹਨ। ਜੇਲ ਪ੍ਰਬੰਧਕਾਂ ਨੂੰ ਇਸ ਦੀ ਜਾਣਕਾਰੀ ਖੁਫ਼ੀਆਂ ਏਜੰਸੀ ਵੱਲੋਂ ਦਿੱਤੀ ਗਈ ਸੀ। ਏਜੰਸੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਇਨ੍ਹਾਂ ਵਿਚ ਜ਼ਿਆਦਾਤਰ ਦੋਸ਼ੀ ਜੇਲ੍ਹਾਂ ਤੋਂ ਹੀ ਨੈੱਟਵਰਕ ਚਲਾ ਰਹੇ ਹਨ।
ਅੰਤਰਰਾਸ਼ਟਰੀ ਸਮੱਗਲਰਾਂ ’ਚ ਰਣਜੀਤ ਸਿੰਘ ਚੀਤਾ, ਉਸ ਦੇ ਭਰਾ ਗਗਨਦੀਪ ਸਿੰਘ ਤੇ ਸਾਥੀ ਦਿਲਭਾਗ ਸਿੰਘ ਦਾ ਨਾਂ ਸਾਹਮਣੇ ਆ ਰਿਹਾ ਹੈ। ਇਨ੍ਹਾਂ ਨੂੰ ਪਹਿਲਾਂ ਬਰਨਾਲਾ ਜੇਲ੍ਹ ਵਿਖੇ ਰੱਖਿਆ ਗਿਆ ਸੀ, ਜਿਥੇ ਜੈਮਰ ਤੱਕ ਦੀ ਸਹੂਲਤ ਵੀ ਸੀ। ਇਨ੍ਹਾਂ ਸਭ ਦੋਸ਼ੀਆਂ ’ਚੋਂ 12 ਸਮੱਗਲਰਾਂ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿਚ ਸ਼ਿਫਟ ਕੀਤਾ ਜਾਵੇਗਾ, ਜੋ ਕਿ ਅੰਤਰਰਾਸ਼ਟਰੀ ਨਸ਼ਾ ਸਮੱਗਲਿੰਗ ਨਾਲ ਸੰਬੰਧ ਰੱਖਦੇ ਹਨ ਅਤੇ ਇਸ ’ਚ ਅਫਗਾਨਿਸਤਾਨ ਤੇ ਜੰਮੂ-ਕਸ਼ਮੀਰ ਦੇ ਲੋਕ ਵੀ ਸ਼ਾਮਲ ਹਨ।