CM Mann ਖਿਲਾਫ਼ ਚੋਣ ਲੜਨ ਵਾਲੇ ਦਲਵੀਰ ਗੋਲਡੀ ਦੀ ਕਾਂਗਰਸ ‘ਚ ਵਾਪਸੀ

by nripost

ਚੰਡੀਗੜ੍ਹ (ਨੇਹਾ): ਦਲਵੀਰ ਗੋਲਡੀ ਮੁੜ ਕਾਂਗਰਸ 'ਚਸ਼ਾਮਲ ਹੋ ਗਏ ਹਨ। ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ। ਇਸ ਸਮੇਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਉਹ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਛੱਡ ਕੇ ਆਪ ਵਿਚ ਸ਼ਾਮਲ ਹੋਏ ਸਨ ਤੇ ਸੀਐੱਮ ਮਾਨ ਨੇ ਉਨ੍ਹਾਂ ਨੂੰ ਆਪ ਵਿਚ ਸ਼ਾਮਲ ਕਰਵਾਇਆ ਸੀ। ਮੁੜ ਕਾਂਗਰਸ ਵਿਚ ਸ਼ਾਮਲ ਹੋਣ ਮਗਰੋਂ ਦਲਵੀਰ ਗੋਲਡੀ ਨੇ ਪਾਰਟੀ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਦਲਵੀਰ ਗੋਲਡੀ ਨੇ ਧੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਚੋਣ ਲੜੀ ਸੀ ਅਤੇ ਹਾਰ ਗਏ ਸਨ। ਬਾਅਦ ਵਿੱਚ ਸੰਗਰੂਰ ਲੋਕ ਸਭਾ ਤੋਂ ਸੀਟ ਨਾ ਮਿਲਣ ਕਾਰਨ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਪਰ ਇੱਥੇ ਵੀ ਉਹ ਜਲਦੀ ਹੀ ਨਿਰਾਸ਼ ਹੋ ਗਏ। ਪਿਛਲੇ ਦਿਨੀਂ ਚਾਰ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਉਨ੍ਹਾਂ ਨੇ ਗਿੱਦੜਬਾਹਾ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਲਈ ਚੋਣ ਪ੍ਰਚਾਰ ਕੀਤਾ ਸੀ, ਜਿਸ ਨੇ ਪੁਸ਼ਟੀ ਕੀਤੀ ਸੀ ਕਿ ਉਹ ਜਲਦ ਹੀ ਕਾਂਗਰਸ 'ਚ ਵਾਪਸੀ ਕਰ ਸਕਦੇ ਹਨ। ਪਰ ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦੇ ਦਿੱਤਾ ਕਿ ਉਨ੍ਹਾਂ ਨੂੰ ਪੁੱਛੇ ਬਿਨਾਂ ਪਾਰਟੀ ਦਾ ਕੋਈ ਪੱਤਾ ਨਹੀਂ ਹਿੱਲਦਾ, ਜਿਸ ਕਾਰਨ ਉਨ੍ਹਾਂ ਦੀ ਵਾਪਸੀ ਰੋਕ ਦਿੱਤੀ ਗਈ। ਹੁਣ ਜਦੋਂ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਕਾਫੀ ਨੇੜਤਾ ਹੈ, ਗੋਲਡੀ ਦੀ ਵਾਪਸੀ ਤੈਅ ਮੰਨੀ ਜਾ ਰਹੀ ਸੀ। ਅੱਜ ਪਾਰਟੀ ਦੇ ਸੂਬਾ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੀ ਹਾਜ਼ਰੀ ਵਿੱਚ ਉਨ੍ਹਾਂ ਦੀ ਪਾਰਟੀ ਵਿੱਚ ਵਾਪਸੀ ਹੋਈ ਹੈ।